Saturday, 14 September 2013

ਪਤੰਗਬਾਜ਼ੀ.......ਜ਼ਿੰਦਗੀ ਦੇ ਹੁਲਾਰਿਆਂ ਨਾਲ ਜੁੜੀ..




ਪਤੰਗ ਯਾਨੀ ਗੁੱਡਾ, ਇੱਕ ਧਾਗੇ ਦੇ ਸਹਾਰੇ ਉੱਡਣ ਵਾਲੀ ਵਸਤੂ ਹੈ ਜੋ ਧਾਗੇ ’ਤੇ ਪੈਣ ਵਾਲੇ ਤਣਾਅ ਉੱਤੇ ਨਿਰਭਰ ਕਰਦੀ ਹੈ। ਪਤੰਗ ਓਦੋਂ ਹਵਾ ’ਚ ਉੱਠਦੀ ਹੈ ਜਦੋਂ ਹਵਾ ਜਾਂ ਕੁਝ ਮਾਮਲਿਆਂ ’ਚ ਪਾਣੀ ਦਾ ਪ੍ਰਵਾਹ ਪਤੰਗ ਦੇ ਉੱਪਰੋਂ ਅਤੇ ਥੱਲਿਓਂ ਹੁੰਦਾ ਹੈ ਜਿਸ ਨਾਲ ਪਤੰਗ ਦੇ ਉੱਪਰ ਘੱਟ ਦਬਾਅ ਅਤੇ ਪਤੰਗ ਦੇ ਥੱਲੇ ਜ਼ਿਆਦਾ ਦਬਾਅ ਬਣਦਾ ਹੈ। ਪਤੰਗ ਆਮ ਤੌਰ ’ਤੇ ਹਵਾ ਨਾਲੋਂ ਭਾਰੀ ਹੁੰਦੀ ਹੈ ਪਰ ਹਵਾ ਤੋਂ ਹਲਕੀ ਪਤੰਗ ਵੀ ਹੁੰਦੀ ਹੈ, ਜਿਸ ਨੂੰ ਹੈਲੀਕਾਈਟ ਕਹਿੰਦੇ ਹਨ। ਇਹ ਪਤੰਗਾਂ ਹਵਾ ’ਚ ਜਾਂ ਹਵਾ ਦੇ ਬਿਨਾਂ ਵੀ ਉੱਡ ਸਕਦੀਆਂ ਹਨ। ਹੈਲੀਕਾਈਟ ਪਤੰਗਾਂ ਹੋਰਨਾਂ ਪਤੰਗਾਂ ਦੀ ਤੁਲਨਾ ਵਿੱਚ ਇੱਕ ਹੋਰ ਸਥਿਰਤਾ ਸਿਧਾਂਤ ’ਤੇ ਕੰਮ ਕਰਦੀਆਂ ਹਨ ਕਿਉਂਕਿ ਹੈਲੀਕਾਈਟ ਹੀਲੀਅਮ-ਸਥਿਰ ਅਤੇ ਹਵਾ ਸਥਿਰ ਹੁੰਦੀ ਹੈ।
ਪਤੰਗਾਂ ਦਾ ਇਤਿਹਾਸ: ਪਤੰਗ ਬਣਾਉਣ ਦਾ ਲੋੜੀਂਦਾ ਸਮਾਨ ਚੀਨ ’ਚ ਮੌਜੂਦ ਸੀ, ਜਿਸ ਵਿੱਚ ਰੇਸ਼ਮ ਦਾ ਕੱਪੜਾ, ਪਤੰਗ ਉਡਾਉਣ ਦੇ ਲਈ ਮਜ਼ਬੂਤ ਰੇਸ਼ਮ ਦਾ ਧਾਗਾ ਅਤੇ ਪਤੰਗ ਦੇ ਆਕਾਰ ਨੂੰ ਸਹਾਰਾ ਦੇਣ ਵਾਲਾ ਹਲਕਾ ਅਤੇ ਮਜ਼ਬੂਤ ਬਾਂਸ। ਚੀਨ ਤੋਂ ਬਾਅਦ ਪਤੰਗਾਂ ਦਾ ਫੈਲਾਅ ਜਪਾਨ, ਕੋਰੀਆ, ਥਾਈਲੈਂਡ, ਬਰਮਾ, ਭਾਰਤ, ਅਰਬ ਅਤੇ ਉੱਤਰੀ ਅਫ਼ਰੀਕਾ ਤਕ ਹੋਇਆ।
ਤਹਿਜ਼ੀਬ ਅਤੇ ਸੱਭਿਅਤਾ ’ਚ ਪਤੰਗ: ਹਵਾ ਵਿੱਚ ਡੋਲਦੀ ਅਤੇ ਨਿਯੰਤਰਨ ਤੋਂ ਬਾਹਰ ਡੋਰ ਫੜ੍ਹਨ ਵਾਲਿਆਂ ਨੂੰ ਆਸਮਾਨ ਦੀਆਂ ਉਚਾਈਆਂ ਤੀਕਰ ਲੈ ਜਾਣ ਵਾਲੀ ਪਤੰਗ ਆਪਣੇ 2000 ਵਰ੍ਹਿਆਂ ਤੋਂ ਜ਼ਿਆਦਾ ਪੁਰਾਣੇ ਇਤਿਹਾਸ ਵਿੱਚ ਅਨੇਕਾਂ ਮਾਨਤਾਵਾਂ, ਅੰਧਵਿਸ਼ਵਾਸਾਂ ਅਤੇ ਅਨੋਖੇ ਪ੍ਰਯੋਗਾਂ ਦਾ ਆਧਾਰ ਰਹੀ ਹੈ। ਆਪਣਿਆਂ ਖੰਭਾਂ ’ਤੇ ਜਿੱਤ ਦੀ ਉਮੀਦ ਦਾ ਬੋਝ ਲੈ ਕੇ ਉੱਡਦੀਆਂ ਪਤੰਗਾਂ ਨੇ ਆਪਣੇ ਅਲਹਿਦਾ-ਅਲਹਿਦਾ ਰੂਪਾਂ ’ਚ ਦੁਨੀਆਂ ਨੂੰ ਨਾ ਕੇਵਲ ਇੱਕ ਰੋਮਾਂਚਕ ਖੇਡ ਦਾ ਜ਼ਰੀਆ ਦਿੱਤਾ ਬਲਕਿ ਇੱਕ ਸ਼ੌਕ ਦੇ ਰੂਪ ਵਿੱਚ ਇਹ ਵਿਸ਼ਵ ਦੀਆਂ ਵੱਖ-ਵੱਖ ਸੱਭਿਅਤਾਵਾਂ ਅਤੇ ਉਨ੍ਹਾਂ ਦੀ ਤਹਿਜ਼ੀਬ ’ਚ ਵੱਸ ਗਈ ਹੈ।
ਚੀਨ: ਪਤੰਗ ਦਾ ਅੰਧਵਿਸ਼ਵਾਸ਼ਾਂ ਵਿੱਚ ਵੀ ਵਿਸ਼ੇਸ਼ ਸਥਾਨ ਹੈ। ਚੀਨ ਵਿੱਚ ਕਿੰਗ ਰਾਜਵੰਸ਼ ਦੇ ਸ਼ਾਸਨ ਦੌਰਾਨ ਉੱਡਦੀ ਪਤੰਗ ਨੂੰ ਉਂਜ ਹੀ ਛੱਡ ਦੇਣਾ ਬਦਕਿਸਮਤੀ ਅਤੇ ਬੀਮਾਰੀਆਂ ਨੂੰ ਸੱਦਾ ਦੇਣ ਦੇ ਸਮਾਨ ਸਮਝਿਆ ਜਾਂਦਾ ਸੀ ਅਤੇ ਨਾਲ ਹੀ ਕਿਸੇ ਦੀ ਕੱਟੀ ਯਾਨੀ ਬੋਅ ਹੋਈ ਪਤੰਗ ਨੂੰ ਚੁੱਕਣਾ ਵੀ ਇੱਕ ਮਾੜਾ ਸ਼ਗਨ ਮੰਨਿਆ ਜਾਂਦਾ ਸੀ। ਕੋਰੀਆ ’ਚ ਪਤੰਗਾਂ ’ਤੇ ਜੁਆਕਾਂ ਦਾ ਨਾਉਂ ਅਤੇ ਉਨ੍ਹਾਂ ਦੀਆਂ ਜਨਮ ਤਰੀਕਾਂ ਨੂੰ ਲਿਖ ਕੇ ਉਡਾਇਆ ਜਾਂਦਾ ਸੀ ਤਾਂ ਕਿ ਉਸੇ ਵਰ੍ਹੇ ਉਨ੍ਹਾਂ ਬੱਚਿਆਂ ਨਾਲ ਜੁੜੀ ਬੁਰਾਈ ਪਤੰਗਾਂ ਦੇ ਨਾਲ ਹੀ ਉੱਡ ਜਾਵੇ।
ਥਾਈਲੈਂਡ: ਪਤੰਗ ਧਾਰਮਿਕ ਮਾਨਤਾਵਾਂ ਦਾ ਜ਼ਰੀਆ ਵੀ ਰਹਿ ਚੁੱਕੀ ਹੈ। ਥਾਈਲੈਂਡ ਵਿੱਚ ਹਰ ਰਾਜੇ ਦੀ ਆਪਣੀ ਵਿਸ਼ੇਸ਼ ਪਤੰਗ ਹੁੰਦੀ ਸੀ, ਜਿਸ ਨੂੰ ਠੰਢ ਦੇ ਮੌਸਮ ਵਿੱਚ ਭਿਕਸ਼ੂ ਅਤੇ ਪੁਰੋਹਿਤ ਦੇਸ਼ ’ਚ ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਉਮੀਦ ਨਾਲ ਉਡਾਉਂਦੇ ਸਨ। ਥਾਈਲੈਂਡ ਦੇ ਲੋਕ ਵੀ ਆਪਣੀਆਂ ਅਰਜ਼ੋਈਆਂ ਨੂੰ ਪਰਮਾਤਮਾ ਤਾਈਂ ਪਹੁੰਚਾਉਣ ਦੇ ਲਈ ਵਰਖਾ ਰੁੱਤ ਵਿੱਚ ਵੀ ਪਤੰਗਾਂ ਉਡਾਉਂਦੇ ਸਨ।
ਯੂਰਪ: ਯੂਰਪ ਵਿੱਚ ਪਤੰਗਾਂ ਉਡਾਉਣ ਦਾ ਚਲਣ ਮੱਲਾਹ ‘ਮਾਰਕੋ ਪੋਲੋ’ ਦੇ ਆਉਣ ਤੋਂ ਬਾਅਦ ਅਰੰਭ ਹੋਇਆ। ‘ਮਾਰਕੋ’ ਪੂਰਬ ਦੀ ਯਾਤਰਾ ਦੇ ਦੌਰਾਨ ਪ੍ਰਾਪਤ ਹੋਏ ਪਤੰਗ ਦੀ ਨਿਪੁੰਨਤਾ ਨੂੰ ਯੂਰਪ ’ਚ ਲਿਆਇਆ। ਮੰਨਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਯੂਰਪ ਦੇ ਲੋਕਾਂ ਅਤੇ ਫਿਰ ਅਮਰੀਕਾ ਦੇ ਬਸ਼ਿੰਦਿਆਂ ਨੇ ਵਿਗਿਆਨਕ ਅਤੇ ਸੈਨਿਕ ਉਦੇਸ਼ਾਂ ਦੀ ਪੂਰਤੀ ਲਈ ਪਤੰਗ ਦਾ ਪ੍ਰਯੋਗ ਕੀਤਾ। ਪਤੰਗ ਨੂੰ ਚੀਨ ਦੁਆਰਾ ਯੂਰਪ ਨੂੰ ਦਿੱਤੀ ਗਈ ਇੱਕ ਪ੍ਰਮੁੱਖ ਵਿਗਿਆਨਕ ਖੋਜ ਦੱਸਿਆ ਜਾਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਪਤੰਗ ਵੇਖ ਕੇ ਮਨ ’ਚ ਆਈ ਉੱਡਣ ਦੀ ਲਾਲਸਾ ਨੇ ਹੀ ਮਨੁੱਖ ਨੂੰ ਜਹਾਜ਼ ਦੀ ਖੋਜ ਕਰਨ ਦੀ ਪ੍ਰੇਰਣਾ ਦਿੱਤੀ ਹੋਵੇਗੀ।
ਭਾਰਤ: ਪਤੰਗਾਂ ਉਡਾਉਣ ਦਾ ਸ਼ੌਕ ਚੀਨ, ਕੋਰੀਆ ਅਤੇ ਥਾਈਲੈਂਡ ਸਮੇਤ ਦੁਨੀਆਂ ਦੇ ਕਈ ਹੋਰਨਾਂ ਭਾਗਾਂ ਤੋਂ ਹੋ ਕੇ ਭਾਰਤ ਪਹੁੰਚਿਆ। ਵੇਖਦਿਆਂ ਹੀ ਵੇਖਦਿਆਂ ਇਹ ਸ਼ੌਕ ਇੱਥੋਂ ਦੀ ਸੱਭਿਅਤਾ ਅਤੇ ਸੱਭਿਆਚਾਰ ਵਿੱਚ ਰਚ-ਮਿਚ ਗਿਆ। ਪਤੰਗਾਂ ਨੂੰ ਖੁੱਲ੍ਹੇ ਆਕਾਸ਼ ’ਚ ਉਡਾਉਣ ਦਾ ਸ਼ੌਕ ਬੱਚਿਆਂ ਤੋਂ ਲੈ ਕੇ ਬੁੱਢਿਆਂ ਤਕ ਦੇ ਸਿਰ ਚੜ੍ਹ ਕੇ ਬੋਲਣ ਲੱਗਿਆ। ਭਾਰਤ ਵਿੱਚ ਪਤੰਗਬਾਜ਼ੀ ਐਨੀ ਹਰਮਨਪਿਆਰੀ ਹੋਈ ਕਿ ਕਈ ਕਵੀਆਂ ਨੇ ਇਸ ਸਧਾਰਨ ਜਿਹੀ ਹਵਾ ’ਚ ਉੱਡਦੀ ਵਸਤੂ ’ਤੇ ਵੀ ਕਵਿਤਾਵਾਂ ਲਿਖੀਆਂ। ਹਾਲਾਂਕਿ ਇੱਕ ਸਮੇਂ ਮਨੋਰੰਜਨ ਦੇ ਪ੍ਰਮੁੱਖ ਸਾਧਨਾਂ ’ਚ ਸ਼ੁਮਾਰ ਰਹੀ ਪਤੰਗਬਾਜ਼ੀ ਦਾ ਸ਼ੌਕ ਹੁਣ ਘੱਟ ਹੁੰਦਾ ਜਾ ਰਿਹਾ ਹੈ। ਸਮੇਂ ਅਤੇ ਖੁੱਲ੍ਹੇ ਸਥਾਨਾਂ ਦੀ ਘਾਟ ਵਰਗੇ ਕਾਰਨਾਂ ਕਰਕੇ ਇਸ ਕਲਾ ਨੂੰ ਹੁਣ ਤਾਂ ਕੇਵਲ ਕੁਝ ਵਿਸ਼ੇਸ਼ ਦਿਨਾਂ ’ਚ ਹੀ ਵੇਖਿਆ ਜਾ ਸਕਦਾ ਹੈ ਅਤੇ ਬਸੰਤ ਪੰਚਮੀ ਵਾਲੇ ਦਿਨ ਹੀ ਪਤੰਗਾਂ ਦੇ ਦਰਸ਼ਨ ਹੋ ਸਕਦੇ ਹਨ।
ਪੰਜਾਬ ਵਿੱਚ ਬਸੰਤ ਵਿਆਹ ਵਾਂਗ ਮਨਾਈ ਜਾਂਦੀ ਹੈ। ਬਸੰਤ ਤੋਂ ਕਈ ਦਿਨ ਪਹਿਲਾਂ ਪਿੰਡ-ਸ਼ਹਿਰ ਦੇ ਤਮਾਮ ਬਾਜ਼ਾਰ ਰੰਗ-ਬਿਰੰਗੀਆਂ ਪਤੰਗਾਂ-ਡੋਰਾਂ ਨਾਲ ਭਰ ਜਾਂਦੇ ਹਨ। ਇੱਥੋਂ ਦੇ ਗੱਭਰੂ-ਮੁਟਿਆਰਾਂ, ਬੱਚੇ-ਬੁੱਢੇ ਨਿਹਾਇਤ ਜੋਸ਼-ਓ-ਖ਼ਰੋਸ਼ ਨਾਲ ਪਤੰਗਾਂ ਉਡਾਉਂਦੇ ਹਨ। ਇੱਕ-ਦੂਜੇ ਨਾਲ ਪੇਚੇ ਲੜਾਉਣ ਵੇਲੇ ਪਤੰਗ ਕੱਟੀ ਜਾਣ ਵਾਲੀ ਦੂਜੀ ਧਿਰ ਦੇ ਖ਼ਿਲਾਫ਼ ਉੱਚੇ ਸੁਰ ‘ਆਈ ਬੋ..ਆਈ ਬੋ..’ ਕਹਿੰਦੇ ਹਨ। ਇਸ ਦਿਨ ਛੋਟੀਆਂ ਬੱਚੀਆਂ ਅਤੇ ਬੱਚੇ ਜਿਨ੍ਹਾਂ ਨੂੰ ਪਤੰਗ ਉਡਾਉਣੇ ਨਹੀਂ ਆੳਂਦੇ ਉਹ ਗੈਸੀ ਗ਼ੁਬਾਰੇ ਉੜਾ ਕੇ ਆਪਣਾ ਮਨ-ਪਰਚਾਵਾ ਕਰਦੇ ਹਨ। ਪੰਜਾਬ ਵਿੱਚ ਅੰਮ੍ਰਿਤਸਰ, ਪਟਿਆਲੇ ਦੀ ਬਸੰਤ ਵੀ ਵੇਖਣ ਵਾਲੀ ਹੁੰਦੀ ਹੈ।
ਪਾਕਿਸਤਾਨ: ਪਾਕਿਸਤਾਨੀ ਪੰਜਾਬ ਦੇ ਸ਼ਹਿਰ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਬਸੰਤ ਮਨਾਈ ਜਾਂਦੀ ਹੈ। ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖ਼ਤਮ ਹੋਇਆਂ ਡੇਢ ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ। ਫਿਰ ਵੀ ਲਾਹੌਰੀਏ ਨੀਲੇ-ਪੀਲ਼ੇ ਬਸਤਰ ਪਾ ਕੇ ਇਸ ਤਿਉਹਾਰ ਨੂੰ ਸ਼ੇਰ-ਏ-ਪੰਜਾਬ ਦੀਆਂ ਪਾਈਆਂ ਪਿਰਤਾਂ ਅਨੁਸਾਰ ਹੀ ਮਨਾੳਂਦੇ ਆ ਰਹੇ ਹਨ। ਇਸ ਦਿਨ ਲਾਹੌਰ ਦੇ ਗੱਭਰੂ ਪੈਰੀਂ ਤਿੱਲੇ ਵਾਲੇ ਖੁੱਸੇ, ਤੇੜ ਧਰਤੀ ਸੁੰਭਰਦੇ ਲਾਚੇ ਅਤੇ ਉੱਤੇ ਕਢਾਈਆਂ ਵਾਲੇ ਕੁੜਤੇ, ਗਲਾਂ ’ਚ ਕੈਂਠੇ-ਗਾਨੀਆਂ ਅਤੇ ਸਿਰਾਂ ’ਤੇ ਤੁਰਲੇ ਵਾਲੀਆਂ ਪੱਗਾਂ ਸਜਾਈ ਸੜਕਾਂ ’ਤੇ ਮੜ੍ਹਕ ਨਾਲ ਤੁਰਦੇ ਹਨ। ਲਾਹੌਰ ਦੀਆਂ ਮੁਟਿਆਰਾਂ ਵੀ ਚੋਬਰਾਂ ਨਾਲੋਂ ਘੱਟ ਨਹੀਂ ਹਨ। ਉਹ ਵੀ ਤਿਆਰ ਕੀਤੇ ਖ਼ੂਬਸੂਰਤ ਲਿਬਾਸਾਂ ਨਾਲ ਆਪਣੇ ਆਪ ਨੂੰ ਸ਼ਿੰਗਾਰਦੀਆਂ ਹਨ, ਸੂਟਾਂ ’ਤੇ ਲਿਸ਼ਕਾਂ ਮਾਰਦੇ ਗੋਟੇ, ਬਿੰਦੀਆਂ, ਟਿੱਕੀਆਂ, ਹਾਰਾਂ, ਹੁਮੈਲਾਂ, ਮੁਰਕੀਆਂ, ਝੁਮਕੀਆਂ, ਬਲਾਕਾਂ ਬਾਜ਼ੂਬੰਦਾਂ, ਨੱਥਾਂ, ਲੌਂਗਾਂ ਅਤੇ ਪੰਜੇਬਾਂ ਆਦਿ ਟੂੰਬਾਂ ਨਾਲ ਸਿਰ ਤੋਂ ਲੈ ਕੇ ਪੈਰਾਂ ਤੀਕ ਸਜੀਆਂ ਇਹ ਰਕਾਨਾਂ ਅੰਬਰੋਂ ਉਤਰੀਆਂ ਹੂਰਾਂ ਜਾਪਦੀਆਂ ਹਨ। ਲਾਹੌਰ ਵਿੱਚ ‘ਜਸ਼ਨ-ਏ-ਬਹਾਰਾਂ’ ਦੇ ਨਾਂ ਨਾਲ ਮਨਾਏ ਜਾਂਦੇ ‘ਬਸੰਤ ਪੰਚਮੀ’ ਦੇ ਤਿਉਹਾਰ ਵਾਲੇ ਦਿਨ ਰੱਜ ਕੇ ਪਤੰਗ ਉਡਾਏ ਜਾਂਦੇ ਹਨ। ਇੱਕ-ਦੂਜੇ ਨਾਲ ਪੇਚੇ ਲਾਉਂਦੇ ਸਮੇਂ ਵਿਰੋਧੀ ਧਿਰ ਦੀ ਪਤੰਗ ਕੱਟੇ ਜਾਣ ’ਤੇ ‘ਬੋਕਾਟਾ’ ਦੇ ਉੱਚੇ ਨਾਅਰੇ ਲਾਏ ਜਾਂਦੇ ਹਨ। ਇੱਕ ਪਾਸੇ ਸ਼ੁਰਲੀਆਂ-ਪਟਾਕੇ, ਫ਼ਾਟਵੇਂ ਗੋਲੇ ਕੰਨ ਬੋਲੇ ਕਰ ਰਹੇ ਹੁੰਦੇ ਹਨ ਅਤੇ ਦੂਜੇ ਪਾਸੇ ਉੱਚੀਆਂ ਆਵਾਜ਼ਾਂ ’ਚ ਲਾਊਡ ਸਪੀਕਰਾਂ ਤੇ ਡੈੱਕਾਂ ’ਤੇ ਕੰਨ ਚੀਰਵੀਆਂ ਆਵਾਜ਼ਾਂ ’ਚ ਭਾਰਤੀ ਪੰਜਾਬੀ ਗੀਤ ਚੱਲਦੇ ਹਨ, ਭੰਗੜੇ ਪੈਂਦੇ ਹਨ, ਲਲਕਾਰੇ ਮਾਰੇ ਜਾਂਦੇ ਹਨ ਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਰਾਤ ਦਾ ਮਾਹੌਲ ਤਾਂ ਹੋਰ ਵੀ ਖ਼ੁਸ਼ਨੁਮਾ ਹੋ ਜਾਂਦਾ ਹੈ ਜਦੋਂ ਆਸਮਾਨ ਵੰਨੀਂ ਸਰਚ-ਲਾਈਟਾਂ ਕਰਕੇ ਉਨ੍ਹਾਂ ਦੀ ਤੇਜ਼ ਰੌਸ਼ਨੀ ’ਚ ਪਤੰਗਬਾਜ਼ੀ ਕੀਤੀ ਜਾਂਦੀ ਹੈ। ਇਸ ਦਿਨ ਕਈ ਕੱਟੜਪੰਥੀਆਂ ਵੱਲੋਂ ਇਸ ਨੂੰ ਹਿੰਦੂਆਂ ਦਾ ਤਿਉਹਾਰ ਕਹਿ ਕੇ ਵਿਰੋਧਤਾ ਵੀ ਕੀਤੀ ਜਾਂਦੀ ਹੈ ਪਰ ਪਤੰਗਾਂ ਉਡਾਉਣ ਦੇ ਸ਼ੌਕੀਨ ਇਨ੍ਹਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ।
ਪਤੰਗਾਂ ਦੇ ਵੱਖ-ਵੱਖ ਨਾਂ: ‘ਪਤੰਗ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜੀਹਦਾ ਅਰਥ ਹੈ ‘ਹਵਾ ’ਚ ਉੱਡਣ ਵਾਲੀ ਵਸਤੂ’। ਭਾਰਤ ’ਚ ਪਤੰਗਾਂ ਜਾਂ ਗੁੱਡਿਆਂ ਦੇ ਵੱਖ-ਵੱਖ ਨਾਂ ਹਨ – ‘ਪਤੰਗਾ’, ‘ਗਲਾਸਾ’, ‘ਫੱਟੇਦਾਰ’, ‘ਕਮਾਨੀਦਾਰ’,  ‘ਚੀਲ ਕਾਟਾ’, ‘ਅੱਖਲ’, ‘ਚੰਨ-ਤਾਰਾ’, ‘ਪਰੀ’, ‘ਮੁੱਛਲ ਗੁੱਡਾ’, ‘ਕਾਂ-ਡੋਡ’, ‘ਘਚੱਪਲ’ ਆਦਿ।
ਪਤੰਗਾਂ ਉਡਾਉਣ ਤੇ ਲੁੱਟਣ ਦਾ ਵੱਖਰਾ ਲੁਤਫ਼: ਸੱਚਮੁੱਚ ਪਤੰਗਾਂ ਉਡਾਉਣ ਦਾ ਆਪਣਾ ਹੀ ਵੱਖਰਾ ਨਜ਼ਾਰਾ ਹੁੰਦਾ ਹੈ। ਪਤੰਗਾਂ ਨੂੰ ਢੀਲਾਂ ਦੇ ਦੇ ਕੇ ਆਸਮਾਨ ’ਤੇ ਚੜ੍ਹਾਉਣਾ, ਪਤੰਗ ਨੂੰ ਇੱਕ ਥਾਂ ’ਤੇ ਟਿਕਾ ਕੇ ਵੇਖੀ ਜਾਣਾ ਅਤੇ ਫਿਰ ਜਦੋਂ ਵਿਰੋਧੀ ਧਿਰ ਨਾਲ ਪੇਚੇ ਲਾ ਕੇ ਢੀਲਾਂ ਦੇ ਕੇ ਜਾਂ ਖੈਂਚਾ ਮਾਰ ਕੇ ਪਤੰਗ ਕੱਟ ਦਿੱਤੀ ਜਾਂਦੀ ਹੈ ਤਾਂ ਇੱਕ ਜਿੱਤ ਵਰਗੀ ਅਸੀਮ ਖ਼ੁਸ਼ੀ ਜਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਸ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ।
ਤਿਉਹਾਰਾਂ ਨਾਲ ਪਤੰਗਬਾਜ਼ੀ ਦੀ ਜੁੜਤ: ਭਾਰਤ ਦੀਆਂ ਬਹੁਤੀਆਂ ਥਾਵਾਂ ’ਤੇ ਬਸੰਤ ਦਾ ਤਿਉਹਾਰ ‘ਬਸੰਤ ਪੰਚਮੀ’ ਵਾਲੇ ਨਿਯਤ ਦਿਨ ਹੀ ਮਨਾਇਆ ਜਾਂਦਾ ਹੈ ਪਰ ਭਾਰਤ ਦੀਆਂ ਕੁਝ ਥਾਵਾਂ ’ਤੇ ਪਤੰਗਾਂ ਉਡਾਉਣ ਦਾ ਦਿਨ ਤਿਉਹਾਰਾਂ ਨਾਲ ਜੁੜਿਆ ਹੋਇਆ ਹੈ।
ਪੱਛਮੀ ਬੰਗਾਲ ’ਚ ਵਿਸ਼ਵਕਰਮਾ ਪੂਜਾ ਵਾਲੇ ਦਿਨ ਖ਼ੂੂਬ ਪਤੰਗਾਂ ਉਡਾਈਆਂ ਜਾਂਦੀਆਂ ਹਨ। ਲੋਕ ਆਪਣੇ ਵਾਹਨਾਂ ਅਤੇ ਮਸ਼ੀਨਾਂ ’ਤੇ ਵੀ ਪਤੰਗਾਂ ਸ਼ਜਾ ਲੈਂਦੇ ਹਨ ਅਤੇ ਦੇਵ-ਸ਼ਿਲਪੀ ਵਿਸ਼ਵਕਰਮਾ ਦੀ ਮੂਰਤੀ ਦੇ ਹੱਥ ’ਤੇ ਵੀ ਪਤੰਗ ਸਜ਼ਾ ਦਿੰਦੇ ਹਨ। ਇਹ ਲੋਕ ਪਤੰਗ ਨੂੰ ‘ਘੂੜੀ’ ਜਾਂ ਗੁੱਡੀ ਕਹਿੰਦੇ ਹਨ।
ਦਿੱਲੀ ਵਿੱਚ 15 ਅਗਸਤ ਭਾਵ ਆਜ਼ਾਦੀ ਦਿਹਾੜੇ ਨੂੰ ਪਤੰਗਾਂ ਚੜ੍ਹਾਉਣ ਦੀ ਪਰੰਪਰਾ ਹੈ। ਇੱਥੇ ਪਤੰਗ ਨੂੰ ਆਜ਼ਾਦੀ ਨਾਲ ਜੋੜ ਕੇ ਵੇਖਿਆ ਜਾਂਦਾ ਹੈ।
ਜੰਮੂ ਵਿੱਚ ਪਤੰਗ ਉਡਾਉਣ ਨੂੰ ‘ਗੁੱਡੀ ਚਾੜ੍ਹਨਾ’ ਕਹਿੰਦੇ ਹਨ। ਇੱਥੇ ਰੱਖੜੀ ਵਾਲੇ ਦਿਨ ਅਤੇ ਜਨਮ-ਅਸ਼ਟਮੀ ਵਾਲੇ ਦਿਨ ਪਤੰਗਬਾਜ਼ੀ ਕੀਤੀ ਜਾਂਦੀ ਹੈ।
ਰਾਜਸਥਾਨ ’ਚ ਹਰ ਵਰ੍ਹੇ ਮਾਘੀ ਵਾਲੇ ਦਿਨ ਰਵਾਇਤੀ ਰੂਪ ’ਚ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਵਿੱਚ ਪੁਰਾਣੇ ਦਰਬਾਰੀ ਪਤੰਗਬਾਜ਼ਾਂ ਦੇ ਪਰਿਵਾਰ ਦੇ ਲੋਕਾਂ ਦੇ ਨਾਲ-ਨਾਲ ਵਿਦੇਸ਼ੀ ਪਤੰਗਬਾਜ਼ ਵੀ ਹਿੱਸਾ ਲੈਂਦੇ ਹਨ। ਰਾਜਸਥਾਨ ਤੋਂ ਇਲਾਵਾ ਗੁਜਰਾਤ, ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਅਤੇ ਹੈਦਰਾਬਾਦ ਆਦਿ ’ਚ ਮਾਘੀ ਵਾਲੇ ਦਿਨ ਪਤੰਗਾਂ  ਉਡਾਉਣ ਦਾ ਰਿਵਾਜ ਹੈ। ਹੈਦਰਾਬਾਦ ’ਚ ਤਿੰਨ ਰੋਜ਼ਾ ਉਤਸਵ ਮਨਾਇਆ ਜਾਂਦਾ ਹੈ। ਇਸ ਉਤਸਵ ਦੀ ਵਿਸ਼ੇਸ਼ ਖਿੱਚ ਪਤੰਗਬਾਜ਼ੀ ਹੈ। ਇੱਥੇ ਤਾਂ ਇੱਕ-ਡੇਢ ਮਹੀਨੇ ਤਾਈਂ ਪਤੰਗਾਂ ਉਡਾਈਆਂ ਜਾਂਦੀਆਂ ਹਨ।
ਪੰਜਾਬ ਵਿੱਚ ਗੁਰੂਆਂ ਦੇ ਵਰਸੋਏ ਮੁਕੱਦਸ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ‘ਲੋਹੜੀ ਦੇ ਤਿਉਹਾਰ’ ਵਾਲੇ ਦਿਨ ‘ਬਸੰਤ ਪੰਚਮੀ’ ਮਨਾਈ ਜਾਂਦੀ ਹੈ। ਇੱਥੇ ਵੀ ਗੱਭਰੂ-ਮੁਟਿਆਰਾਂ, ਬੱਚੇ-ਬੁੱਢੇ ਪਤੰਗਬਾਜ਼ੀ ਦਾ ਖ਼ੂਬ ਆਨੰਦ ਮਾਣਦੇ ਹਨ। ਪੰਜਾਬੀ ਗੀਤਾਂ, ਢੋਲ ਦੇ ਡਗੇ ’ਤੇ ਭੰਗੜੇ ਪੈਂਦੇ ਹਨ। ਵੱਖ-ਵੱਖ ਤਰ੍ਹਾਂ ਦੇ ਪੀਲੇ ਪਕਵਾਨ ਅਤੇ ਪੀਲੇ ਵਸਤਰ ਪਹਿਨੇ ਜਾਂਦੇ ਹਨ। ਇਸ ਦਿਨ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਰੰਗ-ਬਰੰਗੇ ਪਤੰਗਾਂ ਨਾਲ ਭਰਿਆ ਹੋਇਆ ਖ਼ੂਬਸੂਰਤ ਝਲਕਾਰਾ ਪੇਸ਼ ਕਰਦਾ ਹੈ।
-ਮਨਦੀਪ ਸਿੰਘ ਸਿੱਧੂ
ਸੰਪਰਕ:97805-09545

No comments:

Post a Comment