Friday, 13 September 2013

ਵਟਣਾ ਕਟੋਰੇ ਦਾ


ਸਾਡਾ ਸੱਭਿਆਚਾਰ ਬਹੁਤ ਅਮੀਰ ਹੈ। ਸਮੇਂ ਦੇ ਬਦਲਾਅ ਨਾਲ ਅਸੀਂ ਆਪਣੇ ਸੱਭਿਆਚਾਰ ਨਾਲੋਂ ਟੁੱਟ ਰਹੇ ਹਾਂ। ਵਿਆਹ-ਸ਼ਾਦੀ ਦੀ ਕੋਈ ਵੀ ਰਸਮ ਗੀਤਾਂ ਤੋਂ ਬਗੈਰ ਪੂਰੀ ਨਹੀਂ ਸੀ ਹੁੰਦੀ। ਦਸ-ਦਸ ਦਿਨ ਪਹਿਲਾਂ ਵਿਆਹ ਵਾਲੇ ਘਰ ਗੀਤ ਗਾਉਣੇ ਸ਼ੁਰੂ ਹੋ ਜਾਂਦੇ। ਅੱਜ ਵਿਆਹ-ਸ਼ਾਦੀਆਂ ਵਿੱਚ ਨਾ ਕੋਈ ਰਸਮ ਰਹੀ ਹੈ ਤੇ ਨਾ ਗੀਤ।
ਵੱਟਣਾ ਮਲਣਾ ਵੀ ਇੱਕ ਬੜੀ ਅਹਿਮ ਰਸਮ ਸੀ। ਇਸ ਰਸਮ ਨੂੰ ਨਹਾਈ-ਧੋਈ ਦੀ ਰਸਮ ਵੀ ਕਿਹਾ ਜਾਂਦਾ ਸੀ। ਕਿਹਾ ਜਾਂਦਾ ਸੀ ਕਿ ਬਰਾਤ ਜਾਣ ਤੋਂ ਇੱਕ ਦਿਨ ਪਹਿਲਾਂ ਨਹਾਉਣ ਨਾਲ ਵਾਲ ਚੰਗੀ ਤਰ੍ਹਾਂ ਸੁੱਕ ਜਾਂਦੇ ਹਨ। ਜਲਦੀ ਤਿਆਰ ਹੋ ਕੇ ਜਲਦੀ ਬਰਾਤ ਦੀ ਰਵਾਨਗੀ ਹੋ ਜਾਂਦੀ ਸੀ ਪਰ ਅੱਜ-ਕੱਲ੍ਹ ਨਾ ਤਾਂ ਮੁੰਡਿਆਂ ਦੇ ਸਿਰ ’ਤੇ ਜੂੜੇ ਹਨ ਤੇ ਨਾ ਕੁੜੀਆਂ ਦੇ ਲੰਮੇ-ਲੰਮੇ ਵਾਲ। ਗੁੱਤਾਂ ਤੋਂ ਪੋਨੀਆਂ ਹੋ ਗਈਆਂ ਹਨ।
ਸਿਆਣੇ ਆਖਦੇ ਸੀ ਕਿ ਭਾਈ ਦਸ-ਗਿਆਰਾਂ ਵਜੇ ਤੋਂ ਪਹਿਲਾਂ-ਪਹਿਲਾਂ ਅਨੰਦ ਕਾਰਜ ਹੋ ਜਾਣ ਤਾਂ ਵਧੀਆ ਹੈ ਤਾਂ ਕਿ ਸਮੇਂ ਸਿਰ ਘਰ ਮੁੜਿਆ ਜਾ ਸਕੇ। ਬਾਰਾਂ ਵਜੇ ਤੋਂ ਬਾਅਦ ਤਾਂ ਮਰਗ ਦੇ ਭੋਗ ਦਾ ਸਮਾਂ ਹੋ ਜਾਂਦੈ ਪਰ ਹੁਣ ਮਰਗ ਦਾ ਸਮਾਂ ਤਾਂ ਪੱਕਾ ਹੈ 12.30 ਤੋਂ ਇੱਕ ਵਜੇ। ਆਨੰਦ ਕਾਰਜ ਦੋ ਵਜੇ, ਢਾਈ ਵਜੇ ਤਕ ਹੋਈ ਜਾਂਦੇ ਨੇ।
ਪੈਲੇਸ ਕਲਚਰ ਆਉਣ ਨਾਲ ਨਹਾਈ-ਧੋਈ ’ਤੇ ਨਾ ਤਾਂ ਕੋਈ ਸਾਕ-ਸਬੰਧੀ ਹੁੰਦਾ ਤੇ ਨਾ ਹੀ ਕੋਈ ਸ਼ਰੀਕਾ-ਕਬੀਲਾ। ਅੱਜ-ਕੱਲ੍ਹ ਤਾਂ ਲੋਕ ਵੱਡੇ ਸ਼ਹਿਰਾਂ ਦੇ ਹੋਟਲਾਂ ਵਿੱਚ ਜਾ ਰਹਿੰਦੇ ਹਨ। ਹੋਟਲਾਂ ’ਚੋਂ ਬਰਾਤਾਂ ਨਿਕਲਦੀਆਂ ਨੇ। ਕਿਸ ਨੇ ਨਹਾਈ-ਧੋਈ ਕਰਨੀ ਸੀ।
ਉਹ ਵੀ ਸਮਾਂ ਸੀ ਜਦ ਲਾਗੀ ਜਾਂ ਲਾਗਣ ਸਾਰੇ ਗਲੀ-ਮੁਹੱਲੇ ਵਿੱਚ ਨਹਾਈ-ਧੋਈ ਦਾ ਸੱਦਾ ਦੇ ਆਉਂਦੇ ਸੀ। ਵਟਣਾ ਤਿਆਰ ਹੋਣ ’ਤੇ ਸਾਰੀਆਂ ਔਰਤਾਂ ਇਕੱਠੀਆਂ ਗੀਤ ਗਾਉਂਦੀਆਂ:-
ਵੋ-ਵੋ ਕਿ ਵਟਣਾ ਕਟੋਰੇ ਦਾ,
ਸਤਿਗੁਰ ਹੋਇਆ ਨੀਂ ਦਿਆਲ
ਕਿ ਵਟਣਾ ਕਟੋਰੇ ਦਾ
ਵੋ-ਵੋ ਕਿ ਚਾਦਰ ਚਿੜੀਆਂ ਦੀ,
ਵੋ-ਵੋ ਕਿ ਰੌਣਕ ਕੁੜੀਆਂ ਦੀ।
ਮੁੰਡੇ-ਕੁੜੀ ਨੂੰ ਪਟੜੇ ’ਤੇ ਬੈਠਾ ਕੇ ਵਟਣਾ ਮਲਣ ਦੀ ਰਸਮ ਸ਼ੁਰੂ ਹੁੰਦੀ। ਉਪਰ ਚਾਰੇ-ਨੁੱਕਰਾਂ ਤੋਂ ਫੜ ਕੇ ਫੁਲਕਾਰੀ ਤਾਣੀ ਜਾਂਦੀ। ਮਾਂ, ਭਰਜਾਈ, ਮਾਮੀਆਂ, ਮਾਸੀਆਂ, ਭੂਆ, ਭੈਣਾਂ ਸਭ ਵਾਰੀ-ਵਾਰੀ ਵਟਣਾ ਮਲਦੀਆਂ ਨਾਲ-ਨਾਲ ਗੀਤ ਗਾਉਂਦੀਆਂ:
ਮੈਂ ਵਾਰੀ ਪਹਿਲਾ ਬੰਨਾ ਕੀਹਨੇ ਲਾਇਆ
ਮਾਤਾ ਇਹਦੀ ਸਦਾ ਵੇ ਸੁਹਾਗਣ
ਪਹਿਲਾਂ ਬੰਨਾ ਉਹਨੇ ਲਾਇਆ
ਮੈਂ ਵਾਰੀ ਦੂਜਾ ਬੰਨਾ ਕੀਹਨੇ ਲਾਇਆ
ਇਸ ਤਰ੍ਹਾਂ ਸਾਰੇ ਰਿਸ਼ਤਿਆਂ ਦਾ ਜ਼ਿਕਰ ਕਰਦੀਆਂ ਹੋਈਆਂ ਨਾਲ-ਨਾਲ ਵੱਟਣਾ ਵੀ ਮਲੀ ਜਾਂਦੀਆਂ। ਵਿਹੜੇ ਵਿੱਚ ਚਿੱਕੜ ਹੋਣਾ ਸ਼ੁਰੂ ਹੋ ਜਾਂਦਾ। ਰਾਜਾ ਚੰਗੀ ਤਰ੍ਹਾਂ ਮਲ-ਮਲ ਕੇ ਨਹਾਉਣ ਲੱਗ ਜਾਂਦਾ। ਕੁੜੀਆਂ ਗਾਉਂਦੀਆਂ:
ਆਂਗਨ ਸਾਡੇ ਚੀਕੜਾ ਵੇ ਕੀਹਨੇ,
ਡੋਲ੍ਹਿਆ ਪਾਣੀ
ਦਾਦੇ ਦਾ ਪੋਤਰਾ ਨਾਤੜਾ ਵੇ
ਉਹਨੇ ਡੋਲ੍ਹਿਆ ਪਾਣੀ
ਬਾਬਲ ਦਾ ਬੇਟਾ ਨਾਤੜਾ ਵੇ 
ਉਹਨੇ ਡੋਲ੍ਹਿਆ ਪਾਣੀ
ਮਾਮੇ ਦਾ ਭਾਣਜਾ…
ਭਾਈਆਂ ਦਾ ਭਾਈ…
ਜਦ ਮੁੰਡਾ/ਕੁੜੀ ਨਹਾ ਲੈਂਦੇ ਤਾਂ ਫਿਰ ਮਾਮੇ ਨੂੰ ’ਵਾਜ ਮਾਰੀ ਜਾਂਦੀ। ਮਾਮੇ ਹੀ ਭਾਣਜੇ-ਭਾਣਜੀ ਨੂੰ ਖਾਰਿਓ ਲਾਹੁੰਦਾ ਸੀ। ਮੂਧੀਆਂ ਮਾਰ ਕੇ ਰੱਖੀਆਂ ਚੱਪਣੀਆਂ ਨੂੰ ਭੰਨਣਾ ਹੁੰਦਾ ਸੀ। ਨੇੜੇ ਬੈਠਾ ਮਾਮਾ ਬੁਲਾਵੇ ਦੀ ਉਡੀਕ ਕਰ ਰਿਹਾ ਹੁੰਦਾ ਸੀ:
ਨੀਂ ਸੱਦੋ ਮਾਮੇ ਨੂੰ ਧਰਮੀ ਨੂੰ
ਲਾਡਲੇ ਨੂੰ ਚੌਂਕੀਓ ’ਤਾਰੇ ਨੀਂ ਸੱਦੋ..
ਜੇ ਕਿਸੇ ਦੇ ਸਕਾ ਮਾਮਾ ਨਾ ਹੁੰਦਾ ਤਾਂ ਰਿਸ਼ਤੇਦਾਰੀ ਵਿੱਚੋਂ ਕੋਈ ਮਾਂ ਦੇ ਚਾਚੇ/ਤਾਏ ਦਾ ਪੁੱਤ ਇਹ ਰਸਮ ਨਿਭਾਉਂਦਾ ਅਤੇ ਕਿਹਾ ਜਾਂਦਾ:
ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋੜੀਦਾ,
ਹੁਣ ਐਸ ਵੇਲੇ ਦੇ ਨਾਲ ਮਾਮਾ ਲੋੜੀਦਾ।
ਮਾਮੇ ਵੱਲੋਂ ਭਾਣਜੇ/ਭਾਣਜੀ ਦਾ ਮੂੰਹ ਜੁਠਾ ਕੇ ਸ਼ਗਨ ਵਜੋਂ ਕੁਝ ਪੈਸੇ ਜਾਂ ਕੋਈ ਗਹਿਣਾ ਪਾ ਕੇ ਚੌਂਕੀਓ ਲਾਹਿਆ ਜਾਂਦਾ। ਇਸ ਸਮੇਂ ਦਾਦਕੀਆਂ, ਨਾਨਕੀਆਂ ਨੂੰ ਮਜ਼ਾਕ ਕਰਨ ਦਾ ਮੌਕਾ ਵੀ ਹੱਥੋਂ ਨਹੀਂ ਜਾਣ ਦਿੰਦੀਆਂ:
ਚੰਦ ਚੜ੍ਹਿਆ, ਤਾਰਾ ਛੁਪ ਨੀਂ ਗਿਆ।
ਅੜੀਓ ਸ਼ਗਨ ਦੇਣ ਦਾ ਮਾਰਾ, 
ਮਾਮਾ ਲੁਕ ਨੀਂ ਗਿਆ।
ਇਸ ਤਰ੍ਹਾਂ ਹਾਸੇ-ਠੱਠੇ ਵਿੱਚ ਇਹ ਰਸਮ ਪੂਰੀ ਕੀਤੀ ਜਾਂਦੀ ਹੈ। ਵਿਆਹ ਦਾ ਨਵਾਂ ਕੱਪੜਾ ਵੀ ਅੰਗ ਛੁਹਾਇਆ ਜਾਂਦਾ ਹੈ। ਲੋੜ ਹੈ ਸਾਨੂੰ ਆਪਣੀਆਂ ਇਨ੍ਹਾਂ ਰਸਮਾਂ ਨੂੰ ਜਿਉਂਦਾ ਰੱਖਣ ਦੀ। ਨਵੀਂ ਪੀੜ੍ਹੀ ਨੂੰ ਅਹਿਮੀਅਤ ਦੱਸਣ ਦੀ।

-ਕਰਮਜੀਤ ਕੌਰ ਮੁਕਤਸਰ
* ਸੰਪਰਕ: 94174-53400


No comments:

Post a Comment