Saturday, 14 September 2013

ਜੋੜੀਆਂ ਜੱਗ ਥੋੜ੍ਹੀਆਂ




ਸਾਡੇ ਸਮਾਜ ਵਿੱਚ ‘ਹਾਣੀ’ ਦੀ ਸਮੱਸਿਆ ਸ਼ੁਰੂ ਤੋਂ ਹੀ ਰਹੀ ਹੈ ਜਿਸ ਦਾ ਮੁੱਖ ਕਾਰਨ ਸਾਡਾ ਸਮਾਜਿਕ ਢਾਂਚਾ ਹੈ ਜੋ ਹਮੇਸ਼ਾਂ ਮਰਦ ਪ੍ਰਧਾਨ ਰਿਹਾ ਹੈ। ਸਮਾਜ ਦੀ ਸਖ਼ਤ ਸ਼੍ਰੇਣੀ ਵੰਡ ਦਾ ਵੀ ਇਸ ਵਿੱਚ ਮੁੱਖ ਰੋਲ ਹੈ। ਮੁੱਢ ਤੋਂ ਹੀ ਔਰਤ ਨੂੰ ਬਰਾਬਰ ਤਾਂ ਕੀ, ਉਸ ਦੀ ਬਣਦੀ ਥਾਂ ਵੀ ਨਹੀਂ ਦਿੱਤੀ ਗਈ। ਬਚਪਨ ਵਿੱਚ ਉਸ ਨੂੰ ਮਾਂ-ਬਾਪ ਦੀ ਮਰਜ਼ੀ ਵਿੱਚ ਰਹਿਣਾ ਪੈਂਦਾ ਹੈ, ਜੁਆਨੀ ਵਿੱਚ ਪਤੀ ਦੀ ਰਜ਼ਾ ਅਨੁਸਾਰ ਚੱਲਣਾ ਪੈਂਦਾ ਹੈ ਅਤੇ ਬੁਢਾਪੇ ਵਿੱਚ ਔਲਾਦ ਦੇ ਆਸਰੇ ਦਿਨ ਕੱਟਣੇ ਪੈਂਦੇ ਹਨ। ਉਸ ਦੀ ਆਪਣੀ ਇੱਛਾ ਸਾਰੀ ਉਮਰ ਦਬੀ-ਦਬਾਈ ਰਹਿ ਜਾਂਦੀ ਹੈ।
ਲੋਕ ਗੀਤ ਕਿਉਂਕਿ ਆਮ ਲੋਕਾਂ ਦੇ ਜੀਵਨ ਨੂੰ ਰੂਪਮਾਨ ਕਰਦੇ ਹਨ, ਉਨ੍ਹਾਂ ਦੇ ਜੀਵਨ ਦੇ ਹਰ ਪੱਖ, ਜਨਮ ਤੋਂ ਲੈ ਕੇ ਮਰਨ ਤਕ ਨੂੰ ਉਜਾਗਰ ਕਰਦੇ ਹਨ। ਫੇਰ ਭਲਾ ਜ਼ਿੰਦਗੀ ਦਾ ਇਹ ਮਹੱਤਵਪੂਰਨ ਪੱਖ ਇਨ੍ਹਾਂ ਦੀ ਪਕੜ ਤੋਂ ਬਾਹਰ ਕਿਵੇਂ ਰਹਿ ਜਾਂਦਾ? ਇਨ੍ਹਾਂ ਗੀਤਾਂ ਦੇ ਰਾਹੀਂ ਮੁਟਿਆਰ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ। ਬਚਪਨ ਲੰਘਣ ’ਤੇ ਜੁਆਨੀ ਵਿੱਚ ਪੈਰ ਧਰਦਿਆਂ ਹੀ ਹਰ ਮੁਟਿਆਰ ਆਪਣੇ ‘ਹਾਣੀ’ ਦੀ ਇੱਕ ਤਸਵੀਰ ਆਪਣੇ ਮਨ ਵਿੱਚ ਚਿਤਰਦੀ ਹੈ। ਉਹ ਆਪਣੇ ਧਰਮੀ ਬਾਬਲ ਤਕ ਆਪਣੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਪਹੁੰਚਾਉਂਦੀ ਹੈ:-
ਬੀਬੀ ਚੰਨਣ ਦੇ ਓਹਲੇ-ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਬਾਰ,
ਬਾਬਲ ਵਰ ਲੋੜੀਏ।
ਨੀਂ ਜਾਈਏ ਕਿਹੋ ਜਿਹਾ ਵਰ ਲੋੜੀਏ?
ਬਾਬਲ ਜਿਉਂ ਤਾਰਿਆਂ ’ਚੋਂ ਚੰਨ,
 ਚੰਨਾਂ ’ਚੋਂ ਕਾਨ੍ਹ,
 ਕਨੱ੍ਹਈਆ ਵਰ ਲੋੜੀਏ।
ਬਾਬਲ ਉਸ ਦੇ ਦਿਲ ਦੀ ਇੱਛਾ ਨੂੰ ਜਾਨਣਾ ਤਾਂ ਚਾਹੁੰਦਾ ਹੈ ਪਰ ਜੇ ਉਹ ਆਪਣੇ ਕਾਨ੍ਹ ਬਾਰੇ ਦੱਸਦੀ ਹੈ:
ਲੁਧਿਆਣੇ ਦੇ ਮਦਰੱਸੇ ਪੜ੍ਹਦਾ,
 ਬਾਪੂ ਮੇਰੇ ਹਾਣ ਦਾ ਮੁੰਡਾ।
ਤਾਂ ਉਸ ਨੂੰ ਇਉਂ ਕਹਿ ਕੇ ਟਾਲ ਦਿੰਦਾ ਹੈ:-
ਅੱਖਾਂ ਕੱਚੀਆਂ ਮੁੰਡੇ ਦਾ ਰੰਗ ਕਾਲਾ, 
ਮੇਰੇ ਨਾ ਪਸੰਦ ਬੱਚੀਏ।
ਏਥੇ ਆ ਕੇ ਬਾਬਲ ਇੱਕ ਹੋਰ ਢਾਲ ਦੀ ਆਪਣੇ ਬਚਾਅ ਲਈ ਵਰਤੋਂ ਕਰਦਾ ਹੈ, ਉਹ ਹੈ ‘ਸੰਜੋਗ’ ਭਾਵ ਆਪੋ ਆਪਣੀ ‘ਲਿਖਤਕਾਰ’।
ਏਸ ਜੱਗ ਨੀਂ ਸੰਜੋਗੀ ਮੇਲੇ, 
ਭਾਲਿਆਂ ਨਾ ਵਰ ਲੱਭਦੇ।
ਪੁਰਾਣਿਆਂ ਸਮਿਆਂ ਵਿੱਚ ‘ਵਰ ਦੀ ਭਾਲ’ ਕਰਨ ਦਾ ਕੰਮ ਆਪੇ ਸਿੱਧੇ ਤੌਰ ’ਤੇ ਨਹੀਂ ਕਰਦੇ ਸਨ। ਇਹ ਕੰਮ ਕਿਸੇ ਹੋਰ ਬੰਦੇ ਨੂੰ ਸੌਂਪਿਆ ਜਾਂਦਾ ਸੀ ਜੋ ਦੋ ਧਿਰਾਂ ਨੂੰ ਮਿਲਾਉਣ ਲਈ ਕੜੀ ਦਾ ਕੰਮ ਕਰਦਾ ਸੀ। ਇਹ ਸੀ ‘ਵਿਚੋਲਾ’। ਵਿਚੋਲੇ ਦਾ ਸਾਡੇ ਸੱਭਿਆਚਾਰ ਵਿੱਚ ਕੀ ਸਥਾਨ ਸੀ, ਇਹ ਇਸ ਲੋਕ ਗੀਤ ਤੋਂ ਪਤਾ ਲੱਗ ਜਾਂਦਾ ਹੈ।
ਕੰਮ ਬਣਦਾ ਨਾ ਬਾਝ ਵਿਚੋਲੇ,
 ਘਰ ਭਾਵੇਂ ਹੋਵੇ ਲੱਖ ਦਾ।
ਕਈ ਵਾਰ ਵਿਚੋਲਾ ਲਾਲਚ ਵਿੱਚ ਆ ਕੇ ਅਜਿਹੀ ਥਾਂ ਰਿਸ਼ਤਾ ਜੋੜਦੇ ਕਿ ਮੁਟਿਆਰਾਂ ਦੇ ਗਲ ਸਾਰੀ ਉਮਰ ਦਾ ਰੋਣਾ ਪਾ ਦਿੰਦੇ। ਏਸੇ ਲਈ ‘ਵਿਚੋਲਾ’ ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਵੀ ਕੀਤੀ ਗਈ ਹੈ। ‘ਵਿੱਚ-ਓਹਲਾ’ ਭਾਵ ਇਕ-ਦੂਜੇ ਤੋਂ ਓਹਲਾ ਰੱਖਣਾ। ਮੁਟਿਆਰ ਸਾਰੀ ਉਮਰ ਵਿਚੋਲੇ ਨੂੰ ਰੋਂਦੀ ਰਹਿੰਦੀ ਹੈ।
ਵਿਚੋਲਾ ਤਾਂ ਆਪਣਾ ਲਾਗ ਲੈ ਕੇ ਕਿਨਾਰਾ ਕਰ ਜਾਂਦਾ ਹੈ। ਇਸ ਲਈ ਮੁਟਿਆਰ ਅਸਲ ਦੋਸ਼ੀ ਤਾਂ ਮਾਪਿਆਂ ਨੂੰ ਹੀ ਸਮਝਦੀ ਹੈ। ਮਧਰੇ ਜਾਂ ਕੱਦ ਦੇ ਛੋਟੇ ਹਾਣੀ ਬਾਰੇ ਕਹਿੰਦੀ ਹੈ:-
ਬਾਬਲੇ ਨੇ ਵਰ ਟੋਲਿਆ, 
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ।
ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਲਈ ਲੱਭਿਆ ਗਿਆ ਹਾਣੀ ਪੱਕੇ ਰੰਗ ਦਾ ਹੈ ਤਾਂ ਉਹ ਕਹਿ ਉੱਠਦੀ ਹੈ।
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ,
 ਬਾਪੂ ਦੇ ਪਸੰਦ ਆ ਗਿਆ।
ਬਾਬਲ ਮੇਰੇ ਕੰਤ ਸਹੇੜਿਆ, 
ਰੰਗ ਤਵੇ ਤੋਂ ਕਾਲਾ।
ਕੁੜੀਆਂ ਮੈਨੂੰ ਮਾਰਨ ਮਿਹਣੇ, 
ਓਹ ਤੇਰਾ ਘਰ ਵਾਲਾ।
ਮਿਹਣੇ ਸੁਣ ਮੈਂ ਇਉਂ ਹੋ ਜਾਂਦੀ,
 ਜਿਉਂ ਅਹਿਰਨ ਵਿੱਚ ਫਾਲਾ।
ਮਾਏ ਤੇਰੇ ਦਰਾਂ ’ਚੋਂ ਮੈਨੂੰ ਮਿਲ ਗਿਆ ਦੇਸ਼ ਨਿਕਾਲਾ।
ਸਮਾਜਕ ਅਸਾਵਾਂਪਣ ਜਾਂ ਆਰਥਿਕਤਾ ਵੀ ਇਸ ‘ਅਣਜੋੜ’ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ,ਜੋ ਅੱਜ ਵੀ ਸਾਡੇ ਸਮਾਜ ਵਿੱਚ ਮੌਜੂਦ ਹੈ। ਉੱਚੀ ਹੈਸੀਅਤ ਵਾਲਿਆਂ ਦਾ ਮਾੜਾ ਵੀ ਚੰਗਾ ਹੀ ਸਮਝਿਆ ਜਾਂਦਾ ਹੈ।
ਪੁੱਤ ਬਖਤਾਵਰਾਂ ਦੇ ਕਾਲੇ,
 ਵੇਖੀਂ ਧੀਏ ਨਿੰਦ ਨਾ ਦੇਈਂ।
ਇੱਥੇ ਇੱਕ ਹੋਰ ਗੱਲ ਦਾ ਇਸ਼ਾਰਾ ਵੀ ਸਾਨੂੰ ਮਿਲਦਾ ਹੈ ਕਿ ਸਮਾਜ ਵਿੱਚ ਜਗੀਰੂ ਰੁਚੀਆਂ ਦਾ ਬੋਲਬਾਲਾ ਸੀ ਜਿਵੇਂ ਪੁਰਾਣੇ ਸਮਿਆਂ ਵਿੱਚ ਬੁੱਢੇ ਰਾਜੇ ਆਪਣੀਆਂ ਧੀਆਂ ਦੇ ਹਾਣ ਦੀਆਂ ਕੁੜੀਆਂ ਨੂੰ ਰਾਣੀਆਂ ਬਣਨ ਲਈ ਮਜਬੂਰ ਕਰ ਦਿੰਦੇ ਸਨ। ਇਸੇ ਤਰ੍ਹਾਂ ਸੋਹਲ, ਛੈਲ ਕੁੜੀਆਂ ਨੂੰ ਬੁੱਢਿਆਂ ਦੇ ਗਲ ਨਰੜ ਦਿੱਤਾ ਜਾਂਦਾ ਸੀ। ਮਾਪਿਆਂ ਵੱਲੋਂ ਜੋੜੇ ਗਏ ਇਸ ਜੋੜ ਤੋਂ ਉਹ ਆਕੀ ਤਾਂ ਹੋ ਨਹੀਂ ਸਕਦੀ ਪਰ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਉਲਾਂਭੇ ਵਜੋਂ ਬਿਆਨ ਕਰਦੀ ਹੈ।
ਘਰ ਨਾ ਦੇਖਦੀਆਂ ਵਰ ਨਾ ਦੇਖਦੀਆਂ,
ਬਦਲੇ ਖੋਰੀਆਂ ਮਾਵਾਂ।
ਕਿਸੇ ਬੁੱਢੇ ਨਾਲ ਵਿਆਹ ਕਰ ਦਿੰਦੀਆਂ, 
ਦੇ ਕੇ ਚਾਰ ਕੁ ਲਾਵਾਂ।
ਇੱਕ ਜੀਅ ਕਰਦਾ ਬਹਿਜਾਂ ਬਿਹਰ ਕੇ,
ਇੱਕ ਜੀਅ ਕਰਦਾ ਜਾਵਾਂ।
ਬਹਿ ਕੇ ਪੀੜ੍ਹੇ ’ਤੇ ਵੈਣ ਬੁੱਢੇ ਦੇ ਪਾਵਾਂ।
ਆਰਥਿਕਤਾ ਸਮਾਜ ਦੀ ਗੱਡੀ ਨੂੰ ਸਾਵਾਂ ਪੱਧਰਾ ਨਹੀਂ ਚੱਲਣ ਦਿੰਦੀ। ਸਮਾਜ ਦਾ ਉਹ ਵਰਗ ਜਿਹੜਾ ਆਪਣੀ ਖ਼ੁਸ਼ੀ ਲਈ ਹਰ ਚੀਜ਼ ਖਰੀਦ ਸਕਦਾ ਹੈ। ਗ਼ਰੀਬ ਮਾਪਿਆਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਤੋਂ ਕੋਈ ਕਸਰ ਨਹੀਂ ਛੱਡਦਾ।
ਅਣਭੋਲ-ਮੁਟਿਆਰ ਇਸ ‘ਅਣਜੋੜ’ ਦੇ ਅਸਲ ਕਾਰਨਾਂ ਨੂੰ ਨਾ ਜਾਣਦੀ ਹੋਈ ਸਿਰਫ਼ ਆਪਣੇ ਮਾਪਿਆਂ ਨੂੰ ਕੋਸ ਕੇ ਰਹਿ ਜਾਂਦੀ ਹੈ:-
ਨਿੱਕੀਆਂ-ਨਿੱਕੀਆਂ ਕੁੜੀਆਂ ਵੱਲ ਨਾ ਵੇਖਦੇ,
 ਚੰਦਰੇ ਮਾਪੇ ਜਿਹੜੇ ਧੀਆਂ ਮੁੱਲ ਵੇਚਦੇ।
ਬਾਪੂ ਮੇਰੇ ਕਮਲੇ ਨੇ,
 ਨਾਲ ਦਹਾਜੂ ਵਿਆਹੀ।
ਕਈ ਵਾਰ ਦਿਲ ਦੀਆਂ ਡੂੰਘੀਆਂ ਤਹਿਆਂ ਹੇਠ ਸੁਲਘਦੀ ਹੋਈ ਇੱਛਾ ਰੂਪੀ ਅੱਗ ਵਿਦਰੋਹ ਦੇ ਰੂਪ ਵਿੱਚ ਭਾਂਬੜ ਤਾਂ ਨਹੀਂ ਬਣ ਸਕਦੀ ਪਰ ਇੱਕ ਵੱਖਰਾ ਹੀ ਰਾਹ ਅਖਤਿਆਰ ਕਰਦੀ ਹੈ।
ਨਹੀਓਂ ਲੈਣੀਆਂ ਦਹਾਜੂ ਨਾਲ ਲਾਵਾਂ, 
ਮਰਨਾ ਕਬੂਲ ਕਰਨਾ।
ਇਸ ਤਰ੍ਹਾਂ ਮਰਨਾ ਹੀ ਉਸ ਨੂੰ ਆਪਣੀ ਸਮੱਸਿਆ ਦਾ ਇੱਕੋ-ਇੱਕ ਹੱਲ ਦਿਖਾਈ ਦਿੰਦਾ ਹੈ। ਅਣਜੋੜ ਤਾਂ ਅਣਜੋੜ ਹੀ ਹੈ ਭਾਵੇਂ ਉਹ ਵੱਡੀ ਉਮਰ ਦੇ ਬੁੱਢੇ ਜਾਂ ਦਹਾਜੂ ਨਾਲ ਹੋਵੇ ਜਾਂ ਫਿਰ ਛੋਟੀ ਉਮਰ ਦੇ ਨਾਲ।
ਕਿਹੜੇ ਚਾਅ ਨਾਲ ਲੰਮਾ ਤੰਦ ਪਾਵਾਂ, 
ਵੀਰ ਤੇਰਾ ਨਿਆਣਾ ਨਣਦੇ।
ਕੈਦਾਂ ਉਮਰਾਂ ਦੀਆਂ,
 ਕੰਤ ਜਿਨ੍ਹਾਂ ਦੇ ਨਿਆਣੇ।
ਸਿਰਫ਼ ਉਮਰ, ਕੱਦ ਜਾਂ ਰੰਗ ਹੀ ਅਣਜੋੜ ਦਾ ਕਾਰਨ ਨਹੀਂ ਹੁੰਦੇ, ਸਗੋਂ ਸੁਭਾਅ ਤੇ ਕਿੱਤਾ ਵੀ ਇਸ ਦੇ ਜ਼ਿੰਮੇਵਾਰ ਹਨ।
ਪੱਲੇ ਪੈ ਗਿਆ ਅੜਬ ਜੱਟ ਮੇਰੇ,
 ਮੈਂ ਤਾਂ ਸਾਂ ਮਲੂਕ ਜਿਹੀ।
ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਜਿਸ ਅਨੁਸਾਰ ਔਰਤ ਨੂੰ ਲੱਖ ਭੈੜ ਹੋਣ ਦੇ ਬਾਵਜੂਦ ਹਰ ਹਾਲਤ ਵਿੱਚ ਆਪਣੇ ਮਾਲਕ ਨੂੰ ‘ਪਤੀ ਪਰਮੇਸ਼ਰ’ ਸਮਝਣਾ ਪੈਂਦਾ ਹੈ।
ਨਿੰਦੀਏ ਨਾ ਮਾਲਕ ਨੂੰ, 
ਭਾਵੇਂ ਹੋਵੇ ਤਵੇ ਤੋਂ ਕਾਲਾ।
ਜਦੋਂ ਕਦੇ ਦਿਲ ਦੀ ਮੁਰਾਦ ਪੂਰੀ ਹੋ ਜਾਵੇ ਜਾਂ ਹਾਣ ਨੂੰ ਹਾਣੀ ਮਿਲ ਜਾਵੇ ਭਾਵੇਂ ਲੋਕ ਉਸ ਦੇ ਬਾਰੇ ਕੁਝ ਵੀ ਕਹਿੰਦੇ ਰਹਿਣ:-
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ,
ਵਿਆਹ ਕੇ ਲੈ ਗਿਆ ਤੂਤ ਦੀ ਛਟੀ।
ਤਾਂ ਜਵਾਬ ਮਿਲਦਾ ਹੈ ਕਿ:-
ਤੂੰ ਕਿਹੜਾ ਚੰਦ ਮੁੰਡਿਆ ਵੇ,
ਇਹ ਤਾਂ ਦਿਲ ਮਿਲਦੇ ਦੀ ਹੋਈ।
ਇਹ ਦਿਲ ਦੀ ਮੁਰਾਦ ਕਿਸੇ ਵਿਰਲੇ ਦੀ ਹੀ ਪੂਰੀ ਹੁੰਦੀ ਹੈ ਜਿਸ ਬਾਰੇ ਕਰਮ ਸਿਧਾਂਤ ਦਾ ਪੱਲਾ ਫੜ ਕੇ ਮਨ ਨੂੰ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ:
ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ,
 ਰੱਬ ਨੇ ਬਣਾਈਆਂ ਜੋੜੀਆਂ।

* ਸੰਪਰਕ: 84271-00341

                                                                                        ਹਰਦਿਆਲ ਥੂਹੀ

No comments:

Post a Comment