Monday, 16 September 2013

ਵਿਸਰ ਰਿਹਾ ਲੋਕ-ਕਾਵਿ ਥਾਲ ਗੀਤ



ਥਾਲ ਪੰਜਾਬੀ ਲੋਕ ਗੀਤਾਂ ਦਾ ਇੱਕ ਅਜਿਹਾ ਕਾਵਿ-ਰੂਪ ਹੈ ਜੋ ਪੰਜਾਬ ਦੀਆਂ, ਬਚਪਨ ਨੂੰ ਪਾਰ ਕਰਕੇ ਜਵਾਨੀ ਦੀਆਂ ਬਰੂਹਾਂ ’ਤੇ ਖੜੋਤੀਆਂ, ਮੁਟਿਆਰਾਂ ਥਾਲ ਨਾਂ ਦੀ ਲੋਕ ਖੇਡ ਖੇਡਦੀਆਂ ਹੋਈਆਂ ਨਾਲੋ-ਨਾਲ ਗਾਉਂਦੀਆਂ ਹਨ। ਇਸ ਨੂੰ ਥਾਲ ਪਾਉੁਣਾ ਆਖਦੇ ਹਨ।
ਥਾਲ ਸੱਤਾਂ ਤਹਿਆਂ (ਪਰਦਿਆਂ) ਵਾਲੀ ਲੀਰਾਂ ਦੀ ਧਾਗਿਆਂ ਨਾਲ ਗੁੰਦੀ ਹੋਈ ਗੇਂਦ ਨਾਲ ਖੇਡੇ ਜਾਂਦੇ ਹਨ ਜਿਸ ਨੂੰ ਖਿੱਦੋ ਜਾਂ ਖੇਹਨੂੰ ਵੀ ਕਿਹਾ ਜਾਂਦਾ ਹੈ। ਇਹ ਖੇਡ ਕਈ ਕੁੜੀਆਂ ਰਲ ਕੇ ਖੇਡਦੀਆਂ ਹਨ। ਖਿਡਾਰਨਾਂ ਅਰਧ ਚੱਕਰ ਵਿੱਚ ਧਰਤੀ ’ਤੇ ਬੈਠ ਜਾਂਦੀਆਂ ਹਨ। ਖੇਡ ਸ਼ੁਰੂ ਕਰਨ ਲਈ ਇੱਕ ਕੁੜੀ ਇੱਕ ਹੱਥ ਨਾਲ ਖਿੱਦੋ ਨੂੰ ਹਵਾ ਵਿੱਚ ਉਛਾਲਦੀ ਹੈ ਤੇ ਫੇਰ ਸੱਜੇ ਹੱਥ ਦੀ ਤਲੀ ’ਤੇ ਬੋਚ ਕੇ ਉਸ ਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ ’ਤੇ ਬੁੜ੍ਹਕਾਉਂਦੀ ਹੋਈ ਨਾਲੋ-ਨਾਲ ਥਾਲ ਗੀਤ ਦੇ ਬੋਲ ਬੋਲਦੀ ਹੈ। ਜਦੋਂ ਇੱਕ ਥਾਲਮੁੱਕ ਜਾਂਦਾ ਹੈ ਤਾਂ ਬਿਨਾਂ ਰੁਕੇ ਦੂਜੇ ਥਾਲ ਗੀਤ ਦੇ ਬੋਲ ਬੋਲੇ ਜਾਂਦੇ ਹਨ। ਇਸੇ ਤਰ੍ਹਾਂ ਦੂਜੇ ਪਿੱਛੋਂ ਤੀਜਾ ਤੇ ਤੀਜੇ ਪਿੱਛੋਂ ਚੌਥਾ ਥਾਲ ਤੇ ਇੰਜ ਹੀ ਥਾਲ ’ਤੇ ਥਾਲ ਬੋਲੇ ਜਾਂਦੇ ਹਨ। ਥਾਲਾਂ ਦੀ ਗਿਣਤੀ ਨਾਲੋ-ਨਾਲ ਕੀਤੀ ਜਾਂਦੀ ਹੈ। ਜਿੱਥੇ ਵੀ ਖਿੱਦੋ ਡਿੱਗ ਪਵੇ, ਉੱਥੇ ਹੀ ਖੇਡਣ ਵਾਲੀ ਕੁੜੀ ਦੀ ਹਾਰ ਹੋ ਜਾਂਦੀ ਹੈ ਤੇ ਅਗਲੀ ਕੁੜੀ ਥਾਲ ਪਾਉਣੇ ਆਰੰਭ ਦਿੰਦੀ ਹੈ। ਇਸੇ ਤਰ੍ਹਾਂ ਵਾਰੋ-ਵਾਰੀ ਸਾਰੀਆਂ ਕੁੜੀਆਂ ਥਾਲ ਪਾਉਂਦੀਆਂ ਹਨ।
ਥਾਲਾਂ ਦੀ ਲੰਬਾਈ ਵਿੱਚ ਥੋੜ੍ਹਾ ਬਹੁਤਾ ਹੀ ਅੰਤਰ ਹੁੰਦਾ ਹੈ ਪਰ ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇੱਕ ਖਾਸ ਸੁਰ ਅਤੇ ਤਾਲ ਨਾਲ ਗਾਏ ਜਾਂਦੇ ਹਨ। ਕਿੱਕਲੀ ਦੇ ਗੀਤਾਂ ਵਾਂਗ ਇਨ੍ਹਾਂ ਦੀ ਬਣਤਰ ਵੀ ਸੰਜਮੀ ਸ਼ਬਦਾਂ ਰਾਹੀਂ ਤੁਕਾਂਤ ਮੇਲ ਕੇ ਸਿਰਜੀ ਜਾਂਦੀ ਹੈ। ਗਾਉਣ ਵਾਲੀ ਕੁੜੀ ਆਪਣੀ ਕਲਪਨਾ ਅਨੁੁਸਾਰ ਹੀ ਸ਼ਬਦਾਂ ਦੀ ਘਾੜਤ ਘੜਦੀ ਹੈ।
ਥਾਲ ਪਾਉਂਦੀਆਂ ਕੁੜੀਆਂ ਦੀ ਉਮਰ ਬਚਪਨ ਅਤੇ ਜਵਾਨੀ ਦੇ ਵਿਚਕਾਰ ਹੋਣ ਕਰਕੇ ਉਨ੍ਹਾਂ ਦਾ ਸੰਸਾਰ ਆਪਣੇ ਭੈਣਾਂ-ਭਰਾਵਾਂ, ਭਰਜਾਈਆਂ ਅਤੇ ਆਪਣੇ ਮਾਂ-ਬਾਪ ਦੇ ਆਲੇ-ਦੁਆਲੇ ਹੀ ਉਸਰਿਆ ਹੁੰਦਾ ਹੈ। ਇਸ ਲਈ ਉਹ ਆਪਣੇ ਥਾਲ ਗੀਤਾਂ ਵਿੱਚ ਉਨ੍ਹਾਂ ਦਾ ਜ਼ਿਕਰ ਵਾਰ-ਵਾਰ ਕਰਦੀਆਂ ਹਨ। ਵੀਰਾਂ ਲਈ ਭੈਣਾਂ ਦਾ ਡੁੱਲ੍ਹ-ਡੁੱਲ੍ਹ ਪੈਂਦਾ ਪਿਆਰ ਅਤੇ ਆਪਣੇ ਮਾਂ-ਬਾਪ ਪ੍ਰਤੀ ਮੋਹ ਦਾ ਪ੍ਰਗਟਾਵਾ ਕਰਦੀਆਂ ਬਾਲੜੀਆਂ ਦੇ ਬੋਲ ਹਵਾਵਾਂ ਵਿੱਚ ਮੋਹ-ਮੁਹੱਬਤਾਂ ਦੀ ਸੁਗੰਧੀ ਬਿਖੇਰ ਦਿੰਦੇ ਹਨ। ਖਿੱਦੋ ਦੇ ਬੁੜ੍ਹਕਣ ਭਾਵ ਟੱਪਾ ਲਾਉਣ ਸਾਰ ਹੀ ਥਾਲ ਦੇ ਬੋਲ ਵਿਸ਼ੇਸ਼ ਤਾਲ ਦੇ ਸੁਰ ਵਿੱਚ ਸੁਣਾਈ ਦਿੰਦੇ ਹਨ:-
ਥਾਲ ਥਾਲ ਥਾਲ
ਮਾਂ ਮੇਰੀ ਦੇ ਲੰਮੇ ਵਾਲ
ਪਿਓ ਮੇਰਾ ਸ਼ਾਹੂਕਾਰ
ਸ਼ਾਹੂਕਾਰ ਨੇ ਬਾਗ ਲਵਾਇਆ
ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ ਰੁੜ੍ਹ ਪਾਣੀਆਂ
ਸੁਰਮੇਦਾਨੀਆਂ
ਸੁਰਮਾ ਪਾਵਾਂ ਕੱਜਲ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੋ ਮੇਰੀ ਜ਼ੁਲਫ਼ਾਂ ਵਾਲੀ
ਵੀਰ ਮੇਰਾ ਸਰਦਾਰ
ਆਲ ਮਾਲ
ਹੋਇਆ ਬੀਬੀ
ਪਹਿਲਾ ਥਾਲ
ਪਹਿਲਾ ਥਾਲਮੁੱਕਣ ਦੇ ਨਾਲ ਹੀ ਦੂਜਾ ਥਾਲ ਸ਼ੁੁਰੂ ਕਰਦੀ ਹੋਈ ਭੈਣ ਵੀਰੇ ਨੂੰ ਯਾਦ ਕਰਦੀ ਹੈ:
ਕੋਠੇ ਉੱਤੇ ਗੰਨਾ
ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲੀ
ਜੀਹਦੇ ਨੱਕ ਮਛਲੀ
ਮਛਲੀ ਤੇ ਮੈਂ ਨਹਾਵਣ ਗਈਆਂ
ਲੰਡੇ ਪਿੱਪਲ ਹੇਠ
ਲੰਡਾ ਪਿੱਪਲ ਢਹਿ ਪਿਆ
ਮਛਲੀ ਆ ਗਈ ਹੇਠ
ਮਛਲੀ ਦੇ ਦੋ ਮਾਮੇ ਆਏ
ਮੇਰਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾਤੀ
ਨਾਲ ਪਕਾਈਆਂ ਤੋਰੀਆਂ
ਅੱਲ੍ਹਾ ਮੀਆਂ ਭਾਗ ਲਾਏ
ਵੀਰਾਂ ਦੀਆਂ ਜੋੜੀਆਂ
ਆਲ ਮਾਲ
ਹੋਇਆ ਬੀਬੀ ਦੂਜਾ ਥਾਲ
ਥਾਲਾਂ ਰਾਹੀਂ ਬੱਚਿਆਂ ਅਤੇ ਨਿੱਕੀਆਂ ਕੁੜੀਆਂ ਵਿੱਚ ਸਾਡੇ ਰਹਿਣ-ਸਹਿਣ, ਕੰਮ-ਧੰੰਦਿਆਂ, ਸਾਕਾਦਾਰੀ ਪ੍ਰਬੰਧ ਅਤੇ ਖਾਣ-ਪੀਣ ਬਾਰੇ ਜਾਣਕਾਰੀ ਦਾ ਸੰਚਾਰ ਕੀਤਾ ਜਾਂਦਾ ਹੈ। ਸਾਡਾ ਆਲਾ-ਦੁਆਲਾ ਇਨ੍ਹਾਂ ਵਿੱਚ ਵਿਦਮਾਨ ਹੈ:
ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾਂ ਕੁੜੀ ਨੂੰ ਵਿਆਹੁਣ ਚੱਲੇ
ਚਹੁੰ ਕੂੰਟਾਂ ਦੇ ਮੁੰਡੇ
ਮੁੰਡਿਆਂ ਦੇ ਸਿਰ ਟੋਪੀਆਂ
ਜਿਊਣ ਸਾਡੀਆਂ ਝੋਟੀਆਂ
ਝੋਟੀਆਂ ਦੇ ਸਿਰ ਬੱਗੇ
ਜਿਊਣ ਸਾਡੇ ਢੱਗੇ
ਢੱਗਿਆਂ ਗਲ ਪੰਜਾਲੀ
ਜਿਊੂਣ ਸਾਡੇ ਹਾਲੀ
ਹਾਲੀ ਦੇ ਪੈਰ ਜੁੱਤੀ
ਜੀਵੇ ਸਾਡੀ ਕੁੱਤੀ
ਕੁੱਤੀ ਦੇ ਨਿਕਲਿਆ ਫੋੜਾ
ਜੀਵੇ ਸਾਡਾ ਘੋੜਾ
ਘੋੜੇ ਦੇ ਲਾਲ ਕਾਠੀ
ਜੀਵੇ ਸਾਡਾ ਹਾਥੀ
ਹਾਥੀ ਦੇ ਸਿਰ ਝਾਫੇ
ਜਿਊਣ ਸਾਡੇ ਮਾਪੇ
ਮਾਪਿਆਂ ਨੇ ਦਿੱਤਾ ਖੇਸ
ਜੀਵੇ ਸਾਡਾ ਦੇਸ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ
ਜਿੱਥੇ ਮਾਂ-ਬਾਪ ਤੇ ਭਰਾਵਾਂ ਲਈ ਸਦਭਾਵਨਾ ਦਰਸਾਈ ਜਾਂਦੀ ਹੈ, ਉੱਥੇ ਸਾਕਾਦਾਰੀ ਵਿੱਚੋਂ ਸੱਸ-ਸਹੁਰਾ ਤੇ ਸਹੁਰੇ ਪਰਿਵਾਰ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ:-
ਰਾਹ ਵਿੱਚ ਪੌੜੀ
ਸੱਸ ਮੇਰੀ ਕੋਹੜੀ
ਸਹੁਰਾ ਮੇਰਾ ਮਿੱਠਾ
ਜਮਾਲਪੁਰ ਡਿੱਠਾ
ਜਮਾਲਪੁਰ ਦੀਆਂ ਕੁੜੀਆਂ ਆਈਆਂ
ਨਣਦ ਕੁੜੀ ਨਾ ਆਈ
ਨਣਦ ਕੁੜੀ ਦਾ ਗਿੱਟਾ ਭੱਜਾ
ਹਿੰਗ ਜਮੈਣ ਲਾਈ
ਤੂੰ ਨਾ ਲਾਈ
ਮੈਂ ਨਾ ਲਾਈ
ਲਾ ਗਿਆ ਕਸਾਈ
ਤੇਰੇ ਪੇਕਿਆਂ ਦਾ ਨਾਈ
ਤੈਨੂੰ ਅਜੇ ਵੀ ਖ਼ਬਰ ਨਾ ਆਈ
ਆਲ ਮਾਲ
ਹੋਇਆ ਭੈਣੇ ਪੂਰਾ ਥਾਲ
ਪਰਦੇਸੀਂ ਗਏ ਵੀਰਾਂ ਲਈ ਅਰਦਾਸਾਂ ਕਰਦੀ ਭੈਣ ਆਪਣੇ ਮਾਂ-ਬਾਪ ਦੇ ਵਾਰੇ-ਵਾਰੇ ਜਾਂਦੀ ਹੋਈ ਥਾਲ ਪਾਉਂਦੀ ਹੈ:
ਕੋਠੇ ਉੱਤੇ ਤਾਣੀ
ਖੂਹ ਦਾ ਮਿੱਠਾ ਪਾਣੀ
ਬਾਬਲ ਮੇਰਾ ਰਾਜਾ
ਅੰਮੜੀ ਰਾਣੀ
ਦੁੱਧ ਦੇਵਾਂ
ਦਹੀਂ ਜਮਾਵਾਂ
ਵੀਰਾਂ ਦੀਆਂ ਦੂਰ ਬਲਾਵਾਂ
ਵੇਲ ਕੱਢਾਂ ਫੁੱਲ ਕੱਢਾਂ
ਕੱਢਾਂ ਮੈਂ ਕਸੀਦੜਾ
ਲਹਿਰਾਂ ਦੀ ਮੈਂ ਵੇਲ ਪਾਵਾਂ
ਰੰਗਾਂ ਦਾ ਬਗੀਚੜਾ
ਸਭ ਭਰਾਈਆਂ ਕੁੜੀਆਂ
ਆਰੇ ਪਾਰੇ ਜੁੜੀਆਂ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ
ਲੰਮੇ ਆਕਾਰ ਦੇ ਗੀਤਾਂ ਤੋਂ ਇਲਾਵਾ ਨਿੱਕੀਆਂ ਬੱਚੀਆਂ ਛੋਟੇ ਆਕਾਰ ਦੇ ਥਾਲ ਵੀ ਪਾਉਂਦੀਆਂ ਹਨ:
ਪੈਲਾਂ ਪੂਲਾਂ ਪਾ ਕੇ
ਮੈਂ ਬੈਠੀ ਮੂਹੜਾ ਡਾਹ ਕੇ
ਵੀਰ ਆਇਆ ਨਹਾ ਕੇ
ਮੈਂ ਰੋਟੀ ਦਿੱਤੀ ਪਾ ਕੇ
ਵੀਰਾ ਖਾਣੀ ਏ ਤਾਂ ਖਾ
ਨਹੀਂ ਨੌਕਰੀ ’ਤੇ ਜਾ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ
ਕਈ ਕੁੜੀਆਂ ਤਾਂ ਲਗਾਤਾਰ ਖਿੱਦੋ ਬੁੜ੍ਹਕਾਈ ਜਾਂਦੀਆਂ ਹਨ ਤੇ ਨਾਲੋ-ਨਾਲ ਥਾਲ ਪਾਈ ਜਾਂਦੀਆਂ ਹਨ। ਇੱਕ ਕੁੜੀ ਦੇ ਲਗਾਤਾਰ ਸੱਠ ਥਾਲ ਪਾਉਣ ਦਾ ਜ਼ਿਕਰ ਮਿਲਦਾ ਹੈ:
ਅੱਠ ਅਠੈਂਗਣ
ਬਾਰਾਂ ਬੈਂਗਣ
ਕੱਦੂ ਪੱਕਣ ਤੋਰੀਆਂ
ਖੱਟ ਲਿਆਵਾਂ ਬੋਰੀਆਂ
ਬੋਰੀ ਬੋਰੀ ਘਿਓ
ਜੀਵੇ ਰਾਜਾ ਪਿਓ
ਪਿਓ ਪੈਰੀਂ ਜੁੱਤੀ
ਜੀਵੇ ਕਾਲੀ ਕੁੱਤੀ
ਕਾਲੀ ਕੁੱਤੀ ਦੇ ਕਤੂਰੇ
ਮੇਰੇ ਸੱਭੇ ਥਾਲ ਪੂਰੇ
ਮੇਰਾ ਇੱਕ ਵੀ ਨਾ ਘੱਟ
ਮੇਰੇ ਹੋ ਗਏ ਪੂਰੇ ਸੱਠ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ
ਮਸ਼ੀਨੀਕਰਨ ਦੇ ਪ੍ਰਭਾਵ ਸਦਕਾ ਮਨੋਰੰਜਨ ਦੇ ਸਾਧਨ ਤਬਦੀਲ ਹੋ ਗਏ ਹਨ, ਜਿਸ ਕਰਕੇ ਥਾਲ ਪਾਉਣ ਦੀ ਪਰੰਪਰਾ ਸਾਡੇ ਲੋਕ ਜੀਵਨ ਵਿੱਚੋਂ ਖਤਮ ਹੋ ਗਈ ਹੈ। ਪੰਜਾਬ ਦੇ ਪੇਂਡੂ ਸਕੂਲਾਂ ਵਿੱਚ ਅੱਧੀ ਛੁੱਟੀ ਵੇਲੇ ਨਿੱਕੀਆਂ ਬਾਲੜੀਆਂ ਰਬੜ ਦੀ ਗੇਂਦ ਨਾਲ ਥਾਲ ਪਾਉਂਦੀਆਂ ਕਦੀ-ਕਦੀ ਨਜ਼ਰ ਆਉਂਦੀਆਂ ਹਨ। ਸ਼ਹਿਰਾਂ ਵਿੱਚ ਤਾਂ ਇਹ ਪ੍ਰਥਾ ਖ਼ਤਮ ਹੋ ਗਈ ਹੈ, ਜਿਸ ਕਰਕੇ ਥਾਲ ਪਾਉਣ ਅਤੇ ਥਾਲ ਗੀਤ ਰੂਪ ਦੀ ਸਿਰਜਣ ਪ੍ਰਕਿਰਿਆ ਵੀ ਸਮਾਪਤ ਹੋ ਗਈ ਹੈ। ਥਾਲ ਗੀਤ ਰੂਪ ਸਾਡੇ ਲੋਕ ਸਾਹਿਤ ਦਾ ਅਮੁੱਲ ਖ਼ਜ਼ਾਨਾ ਹਨ, ਜਿਨ੍ਹਾਂ ਨੂੰ ਸਮਾਜ ਵਿਗਿਆਨ ਅਤੇ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਵਾਚਣ ਦੀ ਲੋੜ ਹੈ।

-ਸੁਖਦੇਵ ਮਾਦਪੁਰੀ
* ਮੋਬਾਈਲ: 94630-34472

No comments:

Post a Comment