Wednesday, 2 October 2013

ਸਰਦਾਰ ਹਰੀ ਸਿੰਘ ਨਲਵਾ


 

ਹਰੀ ਸਿੰਘ ਨਲਵਾ

(ਸੰਨ 1822-1831)

ਮਨਕੇਰਾ, ਸਿੰਧ ਸਾਗਰ ਦੁਆਬ ਦੇ ਮੱਧ ਵਿੱਚ ਨਮਕ ਦੀਆਂ ਖ਼ਾਨਾਂ ਦੇ ਦੱਖਣ ਵਿੱਚ ਸੀ। ਸੰਨ 1822 ਵਿੱਚ ਏਥੇ ਅਫ਼ਗਾਨਾਂ ਦਾ ਕਬਜ਼ਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਸੰਨ 1815 ਤੋਂ ਮਨਕੇਰਾ ਦੇ ਹਾਕਮ ਨਜ਼ਰਾਨਾ ਦੇਣ ਦਾ ਵਾਅਦਾ ਕਰਦੇ ਰਹੇ ਸਨ, ਪਰ ਫ਼ੌਜੀ ਕਾਰਵਾਈ ਦਿਖਾਉਣ ’ਤੇ ਹੀ ਨਜ਼ਰਾਨੇ ਭੇਜਦੇ ਸਨ। ਮਨਕੇਰੇ ਦੇ ਨਵਾਬ ਦਾ ਦਬਦਬਾ ਭੱਕੜ ਤੋਂ ਲੀਆਹ ਤਕ ਦਰਿਆ ਦੇ ਪੂਰਬੀ ਕੰਢੇ ’ਤੇ ਅਤੇ ਈਸਾਖੇਲ ਤੋਂ ਸਾਂਗੜ ਤਕ ਪੱਛਮੀ ਕੰਢੇ ’ਤੇ ਫੈਲਿਆ ਹੋਇਆ ਸੀ (Masson, 1842: (1) (40)। ਇਨ੍ਹਾਂ ਅਫ਼ਗਾਨਾਂ ਨੇ ਈਸਾਖੇਲ ਨਾਲ ਲਗਦੇ ਮਾਰਵਾਤ ਦੇ ਇਲਾਕੇ ’ਤੇ, ਸੰਨ 1819 ਵਿੱਚ, ਕਬਜ਼ਾ ਕਰ ਲਿਆ ਸੀ। ਇਸ ’ਤੇ ਰਣਜੀਤ ਸਿੰਘ ਨੇ ਮਨ ਬਣਾਇਆ ਕਿ ਇਨ੍ਹਾਂ ਨੂੰ ਸੋਧਿਆ ਜਾਵੇ (Bannu, 1883-84:35)। ਏਸ ਮਕਸਦ ਲਈ ਬਹਾਦੁਰ ਜਰਨੈਲ ਹਰੀ ਸਿੰਘ ਨਲਵਾ ਦੀ ਡਿਊਟੀ ਲਗਾਈ।

ਮਨਕੇਰਾ — ਸੈਦੋਜ਼ਈਆਂ ਦਾ ਆਖਰੀ ਗੜ੍ਹ: ਮਹਾਰਾਜਾ ਰਣਜੀਤ ਸਿੰਘ ਨੇ 1821 ਵਿੱਚ, ਦੁਸਹਿਰਾ ਰਾਵੀ ਦਰਿਆ ਪਾਰ ਕਰਕੇ ਸ਼ਾਹਦਰਾ ਵਿੱਚ ਮਨਾਇਆ। ਉਹਦਾ ਧਿਆਨ ਗਵਰਨਰ ਕਸ਼ਮੀਰ, ਹਰੀ ਸਿੰਘ ਨਲਵਾ ਵੱਲ ਗਿਆ ਜੋ ਮਨਕੇਰਾ ਦੇ ਇਲਾਕੇ ਵਿੱਚ ਕਮਾਂਡਰ ਦੇ ਤੌਰ ’ਤੇ ਕਈ ਮੁਹਿੰਮਾਂ ਕਰ ਚੁੱਕਾ ਸੀ ਤੇ ਇਸ ਇਲਾਕੇ ਦੇ ਕਬੀਲੇ ’ਤੇ ਉਹਦਾ ਦਬਦਬਾ ਸੀ। ਮਹਾਰਾਜਾ ਨੇ ਹਰੀ ਸਿੰਘ ਨਲਵਾ ਨੂੰ ਕਸ਼ਮੀਰ ਤੋਂ ਬੁਲਾ ਲਿਆ। ਉਸ ਨੇ ਮਹਾਰਾਜਾ ਦੀਆਂ ਫ਼ੌਜਾਂ ਨਾਲ ਰਲ ਕੇ ਮਨਕੇਰਾ ਵੱਲ ਚੜ੍ਹਾਈ ਕਰ ਦਿੱਤੀ। ਡੇਰਾ ਇਸਮਾਈਲ ਖ਼ਾਂ ਵਿੱਚ ਨਵਾਬ ਮਨਕੇਰਾ ਦੇ ਪੁਰਾਣੇ ਕਮਾਂਡਰ ਮਾਨਕ ਰਾਏ ਨੇ ਖ਼ਾਲਸਾ ਫ਼ੌਜਾਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ।

ਨਵਾਬ ਹਾਫ਼ਿਜ਼ ਅਹਿਮਦ ਤੋਂ ਪਹਿਲੇ ਹਾਕਮ ਨੇ ਮਨਕੇਰਾ ਦੇ ਦੁਆਲੇ 12 ਕਿਲ੍ਹੇ ਬਣਵਾਏ ਸਨ ਜੋ ਹੈਦਰਾਬਾਦ, ਮੌਜਗੜ੍ਹ, ਫ਼ਤਿਹਪੁਰ, ਪਿਪਲ, ਦਰਿਆ ਖ਼ਾਨ, ਖ਼ਾਨਪੁਰ, ਝੰਡਾਵਾਲਾਂ, ਕਲੋਰ, ਦੂਲੇਵਾਲਾ, ਭੱਕਰ, ਡਿੰਗਾਨਾ ਅਤੇ ਚੌਬਾਰਾ ਦੇ ਸਥਾਨਾਂ ’ਤੇ ਸਨ (Griffin & Massy, 1909: (2) 171)। ਸਿੱਖ ਫ਼ੌਜਾਂ ਨੇ ਇਨ੍ਹਾਂ ’ਤੇ ਕਬਜ਼ਾ ਕਰਕੇ ਮਨਕੇਰਾ ਨੂੰ ਘੇਰ ਲਿਆ। ਥੱਲ ਦੇ ਵਿਚਕਾਰ ਬਣੇ ਮਨਕੇਰਾ ਦੇ ਕਿਲ੍ਹੇ ਦੀ ਸਥਿਤੀ ਵਿਲੱਖਣ ਸੀ। ਕਿਲ੍ਹੇ ਦੇ ਬਾਹਰ ਖਾਈ ਕੱਢੀ ਸੀ ਤੇ ਸਖ਼ਤ ਪਹਿਰਾ ਸੀ। ਉੱਥੇ ਕਿਲ੍ਹੇ ਦੇ ਬਾਹਰ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਸੀ ਤੇ ਖੂਹ ਪੁੱਟਣ ਦੀ ਮਨਾਹੀ ਸੀ। ਸਿੱਖ ਫ਼ੌਜਾਂ ਨੇ ਪੁਰਾਣੇ ਖੂਹ ਸਾਫ਼ ਕੀਤੇ ਤੇ ਨਵੇਂ ਖੂਹ ਪੁੱਟ ਕੇ ਆਪਣੀ ਫ਼ੌਜ ਲਈ ਪਾਣੀ ਦਾ ਇੰਤਜ਼ਾਮ ਕੀਤਾ। ਕਿਲ੍ਹੇ ਦੀ ਖਾਈ ਕੋਲ ਪੁੱਜ ਕੇ ਘਮਾਸਾਨ ਯੁੱਧ ਹੋਇਆ (Murray, 1830: 123)। ਨਵਾਬ ਨੂੰ ਹਾਰ ਹੋਈ ਤੇ ਉਸ ਦੇ ਇਲਾਕੇ ’ਤੇ ਕਬਜ਼ਾ ਕਰ ਲਿਆ ਤੇ ਉਹਨੂੰ ਡੇਰਾ ਇਸਮਾਈਲ ਜਾਗੀਰ ਦੇ ਤੌਰ ’ਤੇ ਦਿੱਤਾ ਗਿਆ (Muzaffargarh, 1883-84:10)।

ਸਿੰਧ ਦਰਿਆ ਪਾਰ ਦਾ ਇਲਾਕਾ: ਮਨਕੇਰਾ, ਪਖਲੀ, ਦਮਤੌਰ ਜਿੱਤਣ ਉਪਰੰਤ ਸਿੱਖ ਰਾਜ ਦੀ ਹੱਦ ਹੁਣ ਦਰਿਆ ਸਿੰਧ ਸੀ। ਸਿੰਧ ਦਰਿਆ ਦੇ ਪਾਰ ਰਸਤਿਆਂ ਰਾਹੀਂ ਅਫ਼ਗਾਨਿਸਤਾਨ, ਗਜ਼ਨੀ, ਬਾਮੀਆਨ ਵੱਲ ਤਜਾਰਤ ਦੇ ਕਾਫ਼ਲੇ ਜਾਂਦੇ ਸਨ। ਇਸ ਇਲਾਕੇ ਵਿੱਚ ਉਦਾਹਰਣ ਦੇ ਤੌਰ ’ਤੇ ਡੇਰਾ ਗਾਜ਼ੀਖਾਨ ਵਿੱਚ ਲਗਾਨ ਤੋਂ ਉਤਪੰਨ ਮਾਲੀਆ ਚਾਰ ਲੱਖ ਤਕ ਸੀ (Honigberger, 1834: (3) 177)।

ਸੈਂਟਰਲ ਏਸ਼ੀਆ ਨੂੰ ਜਾਣ ਵਾਲੇ ਚਾਰ ਪ੍ਰਚਲਤ ਦੱਰੇ ਸਨ — ‘ਖ਼ੈਬਰ’, ’ਗ਼ੋਮਲ ਦੱਰਾ’, ‘ਤੋਚੀ ਦੱਰਾ’ ਅਤੇ ‘ਬੋਲਾਨ ਪਾਸ’। ਇਨ੍ਹਾਂ ਵਿੱਚ ‘ਖ਼ੈਬਰ ਦੱਰਾ’ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਰਿਹਾ ਸੀ। ਇਸ ਰਾਹੀਂ ਧਾੜਵੀ, ਲੁੱਟਮਾਰ, ਕਤਲੇਆਮ ਕਰਨ ਵਾਲੀਆਂ ਅਣਗਿਣਤ ਫ਼ੌਜਾਂ ਆਈਆਂ ਅਤੇ ਹਮਲੇ ਹੋਏ। ਇਸ ਰਾਹ ਤੋਂ ਤਜਾਰਤੀ ਕਾਫ਼ਲੇ ਵੀ ਆਉਂਦੇ ਜਾਂਦੇ ਸਨ।

ਇਸ ਇਲਾਕੇ ਵਿੱਚ, 350 ਈਸਵੀ ਪੂਰਵ, ਹਿੰਦੂ ਬ੍ਰਾਹਮਣ ਇਸ ਇਲਾਕੇ ਵਿੱਚ ਵਸਦੇ ਸਨ ਅਤੇ ਪਾਨੀਨੀ, ਜੋ ਦੁਨੀਆਂ ਵਿੱਚ ਸੰਸਕ੍ਰਿਤ ਦਾ ਸਭ ਤੋਂ ਵੱਡਾ ਵਿਆਕਰਣ ਦਾ ਮਾਹਿਰ ਮੰਨਿਆ ਗਿਆ ਹੈ, ਇਸ ਇਲਾਕੇ ਵਿੱਚ ਰਹਿੰਦਾ ਸੀ। ਗਿਆਰ੍ਹਵੀਂ ਸਦੀ ਤੋਂ ਲੈ ਕੇ ਉਨ੍ਹੀਵੀਂ ਸਦੀ ਤੱਕ ਬਹੁਤ ਭਿਆਨਕ ਹਮਲੇ ਇਸ ਪਾਸਿਓਂ ਹੋਏ ਅਤੇ ਸਿੰਧ ਦਰਿਆ ਤੇ ਹਿੰਦੁਕੁਸ਼ ਪਹਾੜਾਂ ਦੇ ਰਾਹ ਨੂੰ ਸ਼ੱਕ ਨਾਲ ਹਿੰਦੁਸਤਾਨ ਦੇ ਵਸਨੀਕਾਂ ਵੱਲੋਂ ਦੇਖਿਆ ਜਾਣ ਲੱਗਾ। ਹਿੰਦੂ ਵਸਨੀਕ ਉਸ ਪਾਸੇ ਇਸ ਡਰ ਤੋਂ ਨਹੀਂ ਜਾਂਦੇ ਸਨ ਕਿ ਸਭ ਕੁਝ ਗਵਾ ਲਵਾਂਗੇ। ਸਿੱਖ ਫ਼ੌਜਾਂ ਲਈ ਤੇ ਹਰੀ ਸਿੰਘ ਨਲਵੇ ਲਈ ਇਹ ਗੱਲਾਂ ਕੋਈ ਮਾਇਨਾ ਨਹੀਂ ਸਨ ਰੱਖਦੀਆਂ। ਹੁਣ ਹਰੀ ਸਿੰਘ ਨਲਵਾ ਤੇ ਖ਼ਾਲਸਾ ਫ਼ੌਜਾਂ ਸਿੰਧ ਦਰਿਆ ਤੋਂ ਪਾਰਲੇ ਇਲਾਕੇ ਜਿੱਤਣ ਲਈ ਤਿਆਰ ਸਨ।

ਪਸ਼ਤੂਨਿਸਤਾਨ: ਪਿਸ਼ਾਵਰ ਦਾ ਖਿੱਤਾ, ਕਾਬਲ ਦਰਿਆ ਦੇ ਨਾਲ ਨਾਲ ਲੱਗਦਾ ਸੀ। ਕਾਬਲ ਦਰਿਆ ਇਸ ਵਾਦੀ ਵਿੱਚੋਂ ਲੰਘਦਾ ਹੋਇਆ ‘ਖ਼ੈਬਰ’ ਦਾ ਰਕਬਾ ਪਾਰ ਕਰ ਕੇ ਸਿੰਧ ਦਰਿਆ ਵਿੱਚ ‘ਅੱਟਕ’ ਦੇ ਸਥਾਨ ਦੇ ਨੇੜੇ ਆ ਰਲਦਾ ਸੀ।

ਸੈਂਕੜੇ ਸਾਲਾਂ ਤੋਂ, ਖੂੰਖਾਰ ਪਸ਼ਤੂਨ ਕਬੀਲੇ ਸਿੰਧ ਦਰਿਆ ਦੇ ਨਾਲ ਆ ਵਸੇ ਸਨ। ਇਹ ਸਤਵੀਂ ਸਦੀ ਵਿੱਚ ਮੁਸਲਮਾਨ ਧਰਮ ਵਿੱਚ ਸ਼ਾਮਲ ਹੋਏ ਸਨ ਅਤੇ ਲੜਾਕੂ ਬਿਰਤੀ ਦੇ ਹੋਣ ਕਾਰਨ ਆਪੋ ਵਿੱਚ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਜੰਗਾਂ ਛੇੜੀ ਰੱਖਦੇ ਸਨ। ਇਹ ਕਬੀਲੇ ਮੁਗ਼ਲਾਂ ਜਾਂ ਦੁਰਆਨੀਆਂ ਦੇ ਸਮੇਂ ਉਨ੍ਹਾਂ ਦੇ ਵੀ ਅਧੀਨ ਨਹੀਂ ਸੀ ਹੋਏ (Caroe, 1958: 302)। ਹੈਰਾਨੀ ਦੀ ਗੱਲ ਇਹ ਹੈ ਕਿ ਲੜਾਕੂ ਪ੍ਰਵਿਰਤੀ ਦੇ ਨਾਲ-ਨਾਲ ਬੜੇ ਮਹਿਮਾਨ ਨਵਾਜ਼ ਵੀ ਸਨ।

ਪਸ਼ਤੂਨ ਆਪੋ ਵਿੱਚ ਕਈ ਛੋਟੇ-ਵੱਡੇ ਕਬੀਲਿਆਂ ਵਿੱਚ ਵੰਡੇ ਹੋਏ ਸਨ। ਜਿਵੇਂ ਕਿ ਅਫ਼ਰੀਦੀ, ਯੂਸਫ਼ਜ਼ਈ, ਮੋਹੰਮਦ ਤੇ ਖੱਟਕ। ਇਹ ‘ਖੈਬਰ ਪਾਸ’ ਦੇ ਆਲੇ-ਦੁਆਲੇ ਆਪਣੇ-ਆਪਣੇ ਇਲਾਕੇ ਦੇ ਮਾਲਿਕ ਸਨ ਤੇ ਆਪਣੇ ਰਕਬੇ ਵਿੱਚੋਂ ਲੰਘਣ ਵਾਲੀਆਂ ਫ਼ੌਜਾਂ ਤੇ ਤਜਾਰਤੀ ਕਾਫ਼ਲਿਆਂ ਤੋਂ ਪੈਸਾ ਜਬਰੀ ਉਗਰਾਹੁੰਦੇ ਸਨ। ‘ਕਾਬਲ’ ਤੇ ਪੰਜਾਬ ਦੀ ਸਰਕਾਰ ਨਾਲ ਲੜਨ ਵੇਲੇ ਇਹ ਇਕੱਠੇ ਹੋ ਜਾਂਦੇ ਸਨ। ਚੰਗੇਜ਼ਖ਼ਾਨ ਤੋਂ ਲੈ ਕੇ ਤਿਮੂਰ, ਬਾਬਰ, ਨਾਦਰ ਸ਼ਾਹ, ਅਹਿਮਦ ਸ਼ਾਹ, ਖ਼ਾਲਸਾ ਰਾਜ ਦੇ ਬਾਅਦ ਵਿੱਚ ਅੰਗਰੇਜ਼ ਸਰਕਾਰ ਨਾਲ ਵੀ ਇਹ ਲਗਾਤਾਰ ਲੜਦੇ ਰਹੇ। ਇਨ੍ਹਾਂ ਦਾ ਇਲਾਕਾ ਵੱਖ-ਵੱਖ ਪੇਚਦਾਰ ਪਹਾੜੀ ਰਸਤਿਆਂ, ਖੱਡਾਂ ਤੇ ਵਾਦੀਆਂ ਵਿੱਚ ਵੰਡਿਆ ਹੋਇਆ ਸੀ ਤੇ ਕੁਦਰਤ ਦੀ ਇਸ ਵੰਡ ਦਾ ਫ਼ਾਇਦਾ ਉਠਾ ਕੇ, ਹਮਲੇ ਕਰਕੇ ਬਿਖੜੇ ਰਸਤਿਆਂ ਤੇ ਪਹਾੜਾਂ ਵਿੱਚ ਜਾ ਲੁਕਦੇ ਸਨ। ਰਣਜੀਤ ਸਿੰਘ ਨੇ ਏਸ ਬਿਖੜੇ ਇਲਾਕੇ ਵਿੱਚ ਹਰੀ ਸਿੰਘ ਨਲਵਾ ਨੂੰ ਯੋਗ ਜਰਨੈਲ ਜਾਣ ਕੇ ਕਮਾਨ ਦਿੱਤੀ।

ਨੌਸ਼ਹਰੇ ਦੀ ਜੰਗ: ਸਿੱਖ ਰਾਜ ਦੀਆਂ ਫ਼ੌਜਾਂ ਪਹਿਲੀ ਵਾਰ, ਸੰਨ 1818 ਵਿੱਚ ਪੇਸ਼ਾਵਰ ਵਿੱਚ ਪਹੁੰਚੀਆਂ ਤੇ ਉਥੋਂ ਬਾਰਕਜ਼ਈ ਗਵਰਨਰ ਯਾਰ ਮੁਹੰਮਦ ਤੋਂ ਆਪਣੇ ਦਬਦਬੇ ਕਾਰਨ ਲਗਾਨ ਲੈ ਕੇ ਵਾਪਸ ਪਰਤ ਆਈਆਂ। ‘ਕਾਬਲ’ ਵਿੱਚ ਬੈਠੇ ਉਹਦੇ ਭਰਾ ਆਜ਼ਮ ਖ਼ਾਨ ਨੂੰ ਇਹ ਚੰਗਾ ਨਾ ਲੱਗਿਆ ਅਤੇ ਉਹ ਵੱਡੀ ਫ਼ੌਜ ਲੈ ਕੇ ਖ਼ਾਲਸਾ ਰਾਜ ਦੇ ਖ਼ਿਲਾਫ਼ ਚੜ੍ਹ ਆਇਆ। ਉਹ ਭਰਾ ਦਾ ਸਿੱਖ ਰਾਜ ਅੱਗੇ ਝੁਕ ਜਾਣਾ ਤੇ ਕਸ਼ਮੀਰ ਦੇ ਕਾਬਲ ਰਾਜ ਤੋਂ ਖੁੱਸ ਜਾਣ ਵਿੱਚ ਪਠਾਣਾਂ ਦੀ ਹੇਠੀ ਸਮਝਦਾ ਸੀ। ਉਹਨੇ ਅੰਗਰੇਜ਼ੀ ਹਕੂਮਤ ਦੀ ਵੀ ਮਦਦ ਲੈਣੀ ਚਾਹੀ ਪਰ ਕਾਮਯਾਬ ਨਾ ਹੋਇਆ। ਖ਼ਾਲਸਾ ਰਾਜ ਉਹਦੀਆਂ ਇਹ ਸਾਰੀਆਂ ਹਰਕਤਾਂ ’ਤੇ ਨਜ਼ਰ ਰੱਖ ਰਿਹਾ ਸੀ (Murray, 1830: 125; NAI/fpc 26-7-1822: 12-13)।

ਖ਼ਾਲਸਾ ਫ਼ੌਜ ਦੀਆਂ ਤਿਆਰੀਆਂ ਹੁੰਦੀਆਂ ਰਹੀਆਂ। ਆਜ਼ਮ ਖਾਂ ਨੇ, ਸੰਨ1823 ਦੇ ਸ਼ੁਰੂ ਵਿੱਚ ਜਿਹਾਦ ਦਾ ਐਲਾਨ ਕੀਤਾ ਤੇ ਇਲਾਕੇ ਦੇ ਵੱਖ-ਵੱਖ ਕਬੀਲਿਆਂ ਤੋਂ ਫ਼ੌਜਾਂ ਇਕੱਠੀਆਂ ਕਰ ਲਈਆਂ। ਜਰਨੈਲ ਹਰੀ ਸਿੰਘ ਨਲਵਾ ਨੇ ਸਭ ਤੋਂ ਪਹਿਲਾਂ ਸਿੰਧ ਦਰਿਆ ‘ਅੱਟਕ’ ਦੇ ਅਸਥਾਨ ’ਤੇ ਪਾਰ ਕੀਤਾ। ਉਸ ਦੇ ਨਾਲ ਖ਼ਾਲਸਾ ਫ਼ੌਜਾਂ ਸਨ ਤੇ ਕੰਵਰ ਸ਼ੇਰ ਸਿੰਘ ਤੇ ਦੀਵਾਨ ਕਿਰਪਾ ਰਾਮ ਵੀ ਉਹਦੇ ਨਾਲ ਸਨ। ਖੈਰਾਬਾਦ ਤੋਂ ਨੌਸ਼ੈਹਰਾ ਦਾ ਰਾਹ ਗਿੱਦੜ ਗਲੀ ਵਿੱਚੋਂ ਹੋ ਕੇ ਜਾਂਦਾ ਸੀ ਜੋ ਬਹੁਤ ਪੇਚਦਾਰ ਪਹਾੜੀ ਰਸਤਾ ਸੀ।

ਹਰੀ ਸਿੰਘ ਨਲਵਾ ਦੋਵੇਂ ਪਾਸੇ ਦੀਆਂ ਉੱਚੀਆਂ ਪਹਾੜੀਆਂ ਤੇ ਕੰਦਰਾਂ ਵਿੱਚੋਂ ਹਮਲੇ ਦੇ ਖ਼ਤਰੇ ਬਾਰੇ ਜਾਣੂ ਸੀ ਤੇ ਲੈਂਡਾਈ ਦਰਿਆ ਤਕ ਫ਼ੌਜ ਸਮੇਤ ਪਹੁੰਚਣਾ ਚਾਹੁੰਦਾ ਸੀ। ਕਾਬਲ ਦਰਿਆ ਦੇ ਉਤਰ ਵਿੱਚ ਯੂਸਫ਼ਜ਼ਈ ਵਸਦੇ ਸਨ ਤੇ ਜਹਾਂਗੀਰਾਂ ਉਨ੍ਹਾਂ ਦਾ ਇਕ ਵੱਡਾ ਖ਼ਾਸ ਕਿਲ੍ਹਾ ਸੀ। ਦਰਿਆ ਕਾਬਲ ਦੇ ਦੱਖਣ ਵਿੱਚ ਖੱਟਕ ਕਬੀਲਾ ਵਸਦਾ ਸੀ ਜਿਨ੍ਹਾਂ ਕੋਲ ਅਕੋਰਾ ਦਾ ਵੱਡਾ ਕਿਲ੍ਹਾ ਸੀ। ਉਹਨੇ ਅੱਗੇ ਆ ਕੇ ਜਹਾਂਗੀਰਾਂ ’ਤੇ ਹਮਲਾ ਕੀਤਾ ਜੋ ਕਾਬਲ ਦਰਿਆ ਦੇ ਉੱਤਰੀ ਹਿੱਸੇ ਵਿੱਚ ਸਥਿਤ ਸੀ। ਦੁਸ਼ਮਣ ਬਹੁਤ ਬਹਾਦੁਰੀ ਨਾਲ ਲੜੇ। ਪਰ ਜਰਨੈਲ ਹਰੀ ਸਿੰਘ ਨਲਵਾ ਤੇ ਦੀਵਾਨ ਕਿਰਪਾ ਰਾਮ ਨੇ ਪਿੱਛੋਂ ਦੀ ਦੁਸ਼ਮਣ ’ਤੇ ਹਮਲਾ ਕਰਕੇ ਉਨ੍ਹਾਂ ਦੇ ਪੈਰ ਉਖਾੜ ਦਿੱਤੇ (Sohan Lal Suri, 18-19th cent.: (II) f. 303)। ਹਰੀ ਸਿੰਘ ਨੇ ਕਿਲ੍ਹੇ ਨੂੰ ਫ਼ਤਿਹ ਕਰਕੇ ਉੱਥੇ ਆਪਣੀ ਚੌਕੀ ਬਿਠਾ ਦਿੱਤੀ ਅਤੇ ਆਪ ਆਪਣੇ ਕੈਂਪ ‘ਅਕੋਰਾ’ ਨੂੰ ਵਾਪਸ ਪਰਤ ਆਏ।

ਸਿੱਖ ਫ਼ੌਜਾਂ ਦੀ ਇਹ ਫ਼ਤਿਹ ਹਾਸਿਲ ਕਰਨ ਤੋਂ ਬਾਅਦ ਦੂਜੇ ਪਾਸੇ ਤੋਂ ਮਹਾਰਾਜਾ ਰਣਜੀਤ ਸਿੰਘ, ਫੂਲਾ ਸਿੰਘ ਅਕਾਲੀ ਤੇ ਗੋਰਖਾ ਜਰਨੈਲ ਬਲ ਬਹਾਦੁਰ ਨਾਲ ਸਿੰਧ ਦਰਿਆ ਪਾਰ ਕਰਕੇ ਯੂਸਫ਼ਜ਼ਈ ਇਲਾਕੇ ਵਿੱਚ ਪਹੁੰਚਿਆ। ਇਹ ਫ਼ੌਜਾਂ ਅੱਟਕ ਦੇ ਕਿਲ੍ਹੇ ਵੱਲੋਂ ਆਈਆਂ ਸਨ। ਘਮਾਸਾਨ ਯੁੱਧ ਹੋਇਆ ਜਿਸ ਵਿੱਚ 1000 ਦੇ ਕਰੀਬ ਸਿੱਖ ਫ਼ੌਜੀ ਜ਼ਖ਼ਮੀ ਹੋਏ ਜਾਂ ਮਾਰੇ ਗਏ। ਇਸ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਤੇ ਬਲ ਬਹਾਦੁਰ ਵੀ ਸ਼ਹੀਦ ਹੋ ਗਏ। ਹਰੀ ਸਿੰਘ ਨਲਵਾ ਦੀਆਂ ਫ਼ੌਜਾਂ ਨੇ ਕਾਬਲ ਦਰਿਆ ਦੇ ਦੱਖਣ ਵਿੱਚ ਆਜ਼ਮ ਖ਼ਾਨ ਦੀ ਸਾਰੀ ਫ਼ੌਜ ਨੂੰ ਡੱਕੀ ਰੱਖਿਆ ਤੇ ਉਨ੍ਹਾਂ ਨੂੰ ਕਾਬਲ ਦਰਿਆ ਦੇ ਪਾਰ ਯੂਸਫ਼ਜ਼ਈਆਂ ਦੀ ਮਦਦ ਨੂੰ ਨਹੀਂ ਜਾਣ ਦਿੱਤਾ ਸੀ। ਯੂਸਫ਼ਜ਼ਈਆਂ ਨੇ ਜੰਮ ਕੇ ਲੜਾਈ ਕੀਤੀ ਪਰ ਉਹ ਖ਼ਾਲਸਾ ਫ਼ੌਜਾਂ ਦਾ ਮੁਕਾਬਲਾ ਨਹੀਂ ਕਰ ਸਕੇ। ਬਾਰਕਜ਼ਈ ਅਫ਼ਗਾਨ ਫ਼ੌਜਾਂ ਕਰਾਰੀ ਮਾਤ ਖਾ ਕੇ ਜਲਾਲਾਬਾਦ ਵੱਲ ਭੱਜ ਗਈਆਂ। ਆਜ਼ਮ ਖ਼ਾਨ ਆਪਣੀਆਂ ਤੋਪਾਂ, ਹੋਰ ਜੰਗੀ ਸਾਮਾਨ ਛੱਡ ਕੇ ਨਿਕਲ ਗਿਆ ਅਤੇ ਜਿਹਾਦ ਲਈ ਇਕੱਠੇ ਕੀਤੇ ਅਫ਼ਗਾਨਾਂ ਦਾ ਸਾਥ ਛੱਡ ਗਿਆ। ਇਸ ਤੋਂ ਮਗਰੋਂ ਅਫ਼ਗਾਨਾਂ ਕੋਲੋਂ ਸਿੱਖ ਫ਼ੌਜਾਂ ਨੇ ‘ਅੱਟਕ’ ਅਤੇ ਨੌਸ਼ਹਿਰਾ ਲੜਾਈ ਕਰਕੇ ਜਿੱਤ ਲਏ ਸਨ।

ਹਰੀ ਸਿੰਘ ਨਲਵਾ ਤੇ ਉਸ ਦੀ ਫ਼ੌਜ ਨੇ ਅਫ਼ਗਾਨਾਂ ਦਾ ਪਿਸ਼ਾਵਰ ਤਕ ਪਿੱਛਾ ਕੀਤਾ ਤੇ ‘ਖ਼ੈਬਰ’ ਦੇ ਦੱਰੇ ਤਕ ਛੱਡ ਕੇ ਵਾਪਸ ਪਰਤ ਆਏ। ਸਿੱਖ ਫ਼ੌਜਾਂ ਦੂਜੀ ਵਾਰ ਪਿਸ਼ਾਵਰ ਵਿੱਚ ਦਾਖਲ ਹੋਈਆਂ। ਸ਼ਹਿਰ ਵਿੱਚ ਕਾਰਵਾਈ ਤੋਂ ਬਾਅਦ ਉਨ੍ਹਾਂ ਨੇ ਬਾਲਾ ਹਿਸਾਰ ਕਿਲ੍ਹੇ ਨੂੰ ਵੀ ਨੁਕਸਾਨ ਪਹੁੰਚਾਇਆ। ਪਿਸ਼ਾਵਰ ਦਾ ਨਾਜ਼ਿਮ ਯਾਰ ਮੁਹੰਮਦ ਖ਼ਾਨ ਸਿੱਖ ਰਾਜ ਨੂੰ ਖ਼ਰਾਜ ਦਿੰਦਾ ਸੀ ਪਰ ਉਸ ਨੇ ਅਫ਼ਗਾਨਾਂ ਦਾ ਸਾਥ ਦਿੱਤਾ ਜਿਸ ਕਾਰਨ ਸਿੱਖ ਫ਼ੌਜਾਂ ਨੇ ਪਿਸ਼ਾਵਰ ਵਿੱਚ ਦਾਖਲ ਹੋ ਕੇ ਸ਼ਹਿਰ ਲੁੱਟਿਆ। ਮਹਾਰਾਜਾ ਰਣਜੀਤ ਸਿੰਘ ਇਸ ਲੜਾਈ ਬਾਰੇ ਅਕਸਰ ਜ਼ਿਕਰ ਕਰਿਆ ਕਰਦਾ ਸੀ ਕਿ ਏਸ ਮੌਕੇ ’ਤੇ ਯੂਸਫ਼ਜ਼ਈ ਬਹੁਤ ਬਹਾਦਰੀ ਨਾਲ ਲੜੇ। ਮਹਾਰਾਜਾ ਰਣਜੀਤ ਸਿੰਘ ਲੜਾਈ ਤੋਂ ਉਪਰੰਤ ਏਸ ਇਲਾਕੇ ਦਾ ਇੰਤਜ਼ਾਮ ਹਰੀ ਸਿੰਘ ਨਲਵੇ ਦੇ ਸਪੁਰਦ ਕਰਕੇ ਲਾਹੌਰ ਪਰਤ ਆਇਆ। ਹਰੀ ਸਿੰਘ ਨਲਵਾ ਰਾਹੀਂ ਰਣਜੀਤ ਸਿੰਘ ਦਾ ਰਾਜ ਖ਼ੈਬਰ ਤਕ ਪੁੱਜ ਗਿਆ। ਇਹ ਇਲਾਕਾ ਅਫ਼ਗਾਨਾਂ ਤੋਂ ਆਜ਼ਾਦ ਕਰਵਾ ਕੇ ਏਥੇ ਜ਼ਾਤ-ਪਾਤ ਤੋਂ ਰਹਿਤ ਸੈਕੂਲਰ ਨਜ਼ਾਮ ਕਾਇਮ ਕੀਤਾ ਤੇ ਹਿੰਦੁਸਤਾਨ ਵਿੱਚ ਪੰਜਾਬ ਨੂੰ ਮੁਗ਼ਲਾਂ ਤੇ ਅਫ਼ਗਾਨਾਂ ਦੇ ਕਬਜ਼ੇ ਤੋਂ ਸਿੱਖ ਰਾਜ ਨੇ ਆਜ਼ਾਦ ਕਰਵਾ ਕੇ ਸੁੱਚੀ ਪੰਜਾਬੀ ਹਕੂਮਤ ਕਾਇਮ ਕੀਤੀ।


ਗੁਰਪ੍ਰਤਾਪ ਸਿੰਘ
 ਮੋਬਾਈਲ:92169-13779

No comments:

Post a Comment