ਜਗਜੀਤ ਕੌਰ ਜੀਤਜੁੱਤੀ ਕਸੂਰੀ ਪੈਰੀਂ ਨਾ ਪੂਰੀ,ਹਾਏ! ਰੱਬਾ ਵੇ ਸਾਨੂੰ ਤੁਰਨਾ ਪਿਆ।ਆਪਣੀਆਂ ਨਵਵਿਆਹੀਆਂ ਪਤਨੀਆਂ ਦੇ ਸੋਹਲ ਸਰੀਰਾਂ ਅਤੇ ਮਲੂਕ ਪੈਰਾਂ ਵੱਲ ਵੇਂਹਦਿਆਂ ਹੀ ਪੰਜਾਬੀ ਗੱਭਰੂਆਂ ਨੇ ਆਵਾਜਾਈ ਲਈ ਊਠ ਪਾਲ਼ਣੇ ਸ਼ੁਰੂ ਕੀਤੇ। ਊਠ ਨੂੰ ਬੋਤਾ ਵੀ ਕਿਹਾ ਜਾਂਦਾ ਹੈ। ਇਹ ਉੱਚਾ ਲੰਮਾ ਤੇ ਫੁਰਤੀਲਾ ਜਾਨਵਰ ਹੈ। ਊਠਾਂ ਦਾ ਮੂੰਹ ਲੰਬਾ, ਕੰਨ ਛੋਟੇ, ਗਰਦਨ ਲੰਮੀ ਅਤੇ ਲੱਤਾਂ ਲੰਮੀਆਂ ਤੇ ਵਿੰਗ-ਤੜਿੰਗੀਆਂ ਹੁੰਦੀਆਂ ਹਨ। ਦੂਰੋਂ ਵੇਖਣ ’ਤੇ ਊਠ ਇੱਕ ਤਿਕੋਣ ਦੀ ਸ਼ਕਲ ਦਾ ਲੱਗਦਾ ਹੈ। ਊਠ ਦੇ ਪੈਰ ਚੌੜੇ ਅਤੇ ਗੱਦੇਦਾਰ ਹੁੰਦੇ ਹਨ। ਇਸ ਦੇ ਪੇਟ ਹੇਠਾਂ ਪੈਰ ਦੀ ਸ਼ਕਲ ਦੀ ਇੱਕ ਪਾਥੀ ਜਿਹੀ ਲੱਗੀ ਹੁੰਦੀ ਹੈ, ਜਿਸ ਨੂੰ ‘ਈਡਰ’ ਜਾਂ ‘ਹੁੱਡੀ’ ਕਹਿੰਦੇ ਹਨ। ਕਹਿੰਦੇ ਹਨ ਕਿ ਊਠ ਇਸ ਹੁੱਡੀ ਵਿੱਚ ਆਪਣੀ ਖਾਧ-ਖੁਰਾਕ ਜਮ੍ਹਾਂ ਕਰ ਲੈਂਦਾ ਹੈ। ਫਿਰ ਕਈ-ਕਈ ਡੰਗ ਬਿਨਾਂ ਕੁਝ ਖਾਧੇ-ਪੀਤੇ ਸਾਰ ਸਕਦਾ ਹੈ। ਊਠ ਦੀ ਗਰਦਨ ਦੇ ਪਿੱਛੇ ਪਿੱਠ ਉੱਤੇ ਮੱਝਾਂ-ਗਾਵਾਂ ਦੀ ਬੰਨ ਦੀ ਤਰ੍ਹਾਂ ਇੱਕ ਉਭਾਰ ਜਿਹਾ ਹੁੰਦਾ ਹੈ, ਜਿਸ ਨੂੰ ਕੁਹਾੜ ਕਹਿੰਦੇ ਹਨ। ਊਠ ਗੱਦੇਦਾਰ ਚਪਟੇ ਪੈਰਾਂ ਕਰਕੇ ਰੇਤਲੇ ਰਾਹਾਂ ’ਤੇ ਬੜਾ ਸੁਖਾਲ਼ਾ ਤੁਰ ਸਕਦਾ ਹੈ। ਇਸੇ ਕਰਕੇ ਪਾਣੀ ਦੀ ਕਿੱਲਤ ਵਾਲ਼ੇ ਰੇਤਲੇ ਮਾਲਵਾ ਖਿੱਤੇ ਲਈ ਊਠ ਵਰਦਾਨ ਸਿੱਧ ਹੋਇਆ। ਕੱਕੇ ਟਿੱਬਿਆਂ ਦੀਆਂ ਪਗਡੰਡੀਆਂ ਵਿੱਚ ਲੇਹੇ-ਭੱਖੜੇ ਨੂੰ ਲਿਤਾੜ ਕੇ ਥੋਹਰਾਂ-ਝਾੜੀਆਂ ਵਿੱਚੋਂ ਦੀ ਹਿਰਨ ਵਾਂਗੂੰ ਚੁੰਗੀਆਂ ਭਰਦੇ ਊਠ ਨੂੰ ਵੇਖ ਕੇ ਹੀ ਕਿਸੇ ਨੇ ਇਸ ਨੂੰ ‘ਮਾਰੂਥਲ ਦਾ ਜਹਾਜ਼’ ਐਲਾਨਿਆ ਹੋਵੇਗਾ। ਊਠ ਖਾਣ-ਪੀਣ ਅਤੇ ਰਹਿਣ-ਸਹਿਣ ਪੱਖੋਂ ਮਾਲਵਾ ਇਲਾਕੇ ਦੇ ਬਿਲਕੁਲ ਅਨੁਕੂਲ ਸੀ। ਕੱਕੇ ਰੇਤ ਦੇ ਟਿੱਬਿਆਂ ਵਿੱਚ ਬੈਠਾ ਊਠ ਰੰਗ-ਆਕਾਰ ਦੇ ਪੱਖੋਂ ਟਿੱਬਿਆਂ ਵਰਗਾ ਹੀ ਦਿੱਸਦਾ ਸੀ। ਗੁਆਰੇ, ਬਾਜਰੇ ਅਤੇ ਛੋਲਿਆਂ ਦਾ ਨੀਰਾ ਊਠ ਦੀ ਮਨਭਾਉਂਦੀ ਖੁਰਾਕ ਰਹੀ ਹੈ। ਇਸ ਤੋਂ ਬਿਨਾਂ ਊਠਾਂ ਦੇ ਸ਼ੌਕੀਨ ਊਠ ਨੂੰ ਖਲ਼ ਵੰਡ-ਵੜੇਵਾਂ ਵੀ ਪਾਉਂਦੇ ਸਨ, ਜਿਸ ਦਾ ਜ਼ਿਕਰ ਇੱਕ ਲੋਕ ਬੋਲੀ ਵਿੱਚ ਆਉਂਦਾ ਹੈ-ਅਰਬੇ ਅਰਬੇ ਅਰਬੇਮੇਰਾ ਨਾਭੇ ਸਾਕ ਨਾ ਕਰ ਵੇ।ਨਾਭੇ ਦੇ ਜੱਟ ਬੁਰੇ ਸੁਣੀਂਦੇ,ਊਠਾਂ ਨੂੰ ਪਾਉਂਦੇ ਖਲ਼ ਵੇ।ਖਲ਼ ਤਾਂ ਮੈਥੋਂ ਕੁੱਟੀ ਨਾ ਜਾਂਦੀ,ਗੁੱਤੋਂ ਲੈਂਦੇ ਫੜ ਵੇ।ਮੇਰਾ ਉੱਡੇ ਡੋਰੀਆ,ਮਹਿਲਾਂ ਵਾਲੇ ਘਰ ਵੇ...ਊਠ ਨੂੰ ਬਦਲਾਖ਼ੋਰੀ ਜਾਨਵਰ ਵੀ ਮੰਨਿਆ ਗਿਆ ਹੈ। ਆਪਣੀ ਮਾਰ ਦਾ ਬਦਲਾ ਲੈਣ ਲਈ ਇਹ ਮੌਕਾ ਤਾੜ ਕੇ ਆਦਮੀ ਨੂੰ ਗਰਦਨ ਤੋਂ ਪਕੜ ਕੇ ਧਰਤੀ ’ਤੇ ਪਟਕਾ ਸੁੱਟਦਾ ਹੈ। ਮਸਤ ਹੋਏ ਊਠ ਮੂੰਹ ਵਿੱਚੋਂ ਝੱਗ ਸੁੱਟਦੇ ਹਨ ਅਤੇ ਬਗ-ਬਗ ਕਰਦੇ ਬੁਲਬੁਲੀਆਂ ਕੱਢਦੇ ਹਨ। ਮਸਤੇ ਊਠ ਬਹੁਤ ਖੂੰਖਾਰ ਹੋ ਜਾਂਦੇ ਹਨ। ਇਸ ਕਰਕੇ ਊਠ ਦੇ ਮੂੰਹ ਉੱਤੇ ‘ਛਿੱਕਲੀ’ ਚੜ੍ਹਾ ਦਿੱਤੀ ਜਾਂਦੀ ਹੈ। ਊਠ ਨੂੰ ਕਾਬੂ ਵਿੱਚ ਰੱਖਣ ਲਈ ਉਸ ਦੇ ਨੱਕ ਵਿੱਚ ਨੱਥ ਪਾਈ ਹੁੰਦੀ ਹੈ, ਜਿਸ ਨੂੰ ‘ਲਾਟੀ’ ਜਾਂ ‘ਮਛਲੀ ਕਹਿੰਦੇ ਹਨ। ਇਸ ਦੀ ਬਣਤਰ ਨੱਕ ਦੇ ਕੋਕੇ ਵਰਗੀ ਹੁੰਦੀ ਹੈ। ਇਸ ਲਾਟੀ ਦੇ ਨਾਲ਼ ਊਠ ਦੀ ਨਕੇਲ ਬੰਨ੍ਹੀ ਜਾਂਦੀ ਹੈ। ਨਕੇਲ ਦੇ ਦੋਵੇਂ ਪਾਸੇ ਪਤਲੀਆਂ ਰੱਸੀਆਂ ਬੰਨ੍ਹ ਕੇ ਸਮਤੋਲ ਬਣਾਇਆ ਜਾਂਦਾ ਹੈ। ਇਨ੍ਹਾਂ ਪਤਲੀਆਂ ਰੱਸੀਆਂ ਨੂੰ ‘ਸਰ’ ਕਹਿੰਦੇ ਹਨ। ‘ਸਰ’ ਅੱਗੋਂ ਮੁਹਾਰ ਨਾਲ਼ ਬੰਨ੍ਹੀ ਜਾਂਦੀ ਹੈ। ਸੋਹਣੀਆਂ ਫੁੱਲਾਂ ਵਾਲੀਆਂ ਰੰਗੀਨ ਮੁਹਾਰਾਂ ਵਾਲ਼ੇ ਮਸਤ ਚਾਲੇ ਦੌੜਦੇ ਤੇ ਬੁੱਕਦੇ ਜਾਂਦੇ ਊਠ ਨੂੰ ਵੇਖ ਕੇ ਹੀ ਕਿਸੇ ਭੈਣ ਨੇ ਵੀਰ ਦੇ ਬੋਤੇ ਦੀ ਸਿਫ਼ਤ ਇੰਜ ਕਰੀ ਹੋਵੇਗੀ-ਮੇਰੇ ਵੀਰ ਦਾ ਬਾਗੜੀ ਬੋਤਾ,ਬਈ ਬੰਨੇ-ਬੰਨੇ ਜਾਵੇ ਬੁੱਕਦਾ।ਜਗਜੀਤ ਕੌਰ ਜੀਤ
ਬਾਗੜੀ ਬੋਤੇ ਬੜੇ ਮਸ਼ਹੂਰ ਹੁੰਦੇ ਸਨ। ਇਹ ਰਾਜਸਥਾਨ ਦੇ ਬਾਗੜ ਦੇ ਇਲਾਕੇ ਵਿੱਚ ਮਿਲਦੇ ਸਨ। ਇਨ੍ਹਾਂ ਊਠਾਂ ਦੀ ਕਿਸਮ ਬੜੀ ਵਧੀਆ ਮੰਨੀ ਜਾਂਦੀ ਹੈ। ਰਾਜਸਥਾਨ ਵੱਲੋਂ ਊਠਾਂ ਦੇ ਕਾਫ਼ਲੇ-ਕਾਰਵੇਂ ਵਸਤਾਂ ਦੇ ਆਦਾਨ-ਪ੍ਰਦਾਨ ਲਈ ਅਕਸਰ ਘੁੰਮਦੇ ਰਹਿੰਦੇ ਸਨ। ਸੌ-ਦੋ ਸੌ ਊਠ ਇੱਕ ਕਤਾਰ ਵਿੱਚ ਤੁਰਦੇ ਬੜੇ ਸੋਹਣੇ ਲੱਗਦੇ ਸਨ। ਗਲ਼ ਟੁਣਕਦੀਆਂ ਟੱਲੀਆਂ ਤੇ ਪੈਰੀਂ ਪਾਏ ਘੁੰਗਰੂਆਂ ਦੀ ਤਾਲ ਉਨ੍ਹਾਂ ਦੀ ਚਾਲ ਨੂੰ ਹੋਰ ਮਟਕੀਲੀ ਬਣਾ ਦਿੰਦੀ ਸੀ। ਪਿਛਲੇ ਊਠ ਦੀ ਮੁਹਾਰ ਅਗਲੇ ਊਠ ਦੀ ਕਾਠੀ ਨਾਲ ਬੰਨ੍ਹੀ ਹੁੰਦੀ ਸੀ। ਇਸ ਤਰ੍ਹਾਂ ਬਾਬਲ ਨਗਰੀ ਵੱਲ ਜਾਂਦੇ ਊਠਾਂ ਵਾਲ਼ੇ ਵੀਰਾਂ ਨੂੰ ਵੇਖ ਕੇ ਹੀ ਲੋਕ-ਗਾਥਾ ਵਿਚਲੀ ਕੌਲਾਂ ਭੈਣ ਨੇ ਸੁਨੇਹਾ ਦੇਣ ਲਈ ਉੱਚੀ ਸੱਦ ਲਾਈ ਹੋਵੇਗੀ-
ਵੀਰੋ ਊਠਾਂ ਵਾਲ਼ਿਓ ਵੇ,
ਪਾਣੀ ਪੀਜੋ ਦੋ ਪਲ ਬਹਿ ਕੇ।
ਕੌਲਾਂ ਡੱਕੇ ਚੁਗਦੀ ਦਾ,
ਜਾਇਓ ਵੇ ਇੱਕ ਸੁਨੇਹਾ ਲੈ ਕੇ।
ਸੱਸੀ-ਪੁੰਨੂ ਦੇ ਕਿੱਸੇ ਦਾ ਨਾਇਕ ਪੁੰਨੂ ਵੀ ਊਠਾਂ ਦੇ ਕਾਫ਼ਲੇ ਦਾ ਰਾਹਗੀਰ ਸੀ, ਜਿਸ ਪਿੱਛੇ ‘ਡਾਚੀ ਵਾਲਿਆ ਮੋੜ ਮੁਹਾਰ ਵੇ’ ਗਾਉਂਦੀ ਹੋਈ ਸੱਸੀ ਥਲਾਂ ਵਿੱਚ ਸੜ ਮਰਦੀ ਹੈ। ਮਾਦਾ ਊਠ ਨੂੰ ਊਠਣੀ, ਬੋਤੀ ਜਾਂ ਡਾਚੀ ਕਿਹਾ ਜਾਂਦਾ ਹੈ। ਊਠਣੀ ਦੇ ਬੱਚੇ ਨੂੰ ‘ਬਤਾਰੂ’ ਕਿਹਾ ਜਾਂਦਾ ਹੈ। ਊਠ ਨੂੰ ਸ਼ੁਤਰ ਸ਼ਬਦ ਨਾਲ ਵੀ ਸਾਹਿਤ ਵਿੱਚ ਸੰਬੋਧਨ ਕੀਤਾ ਗਿਆ ਹੈ, ਜਿਵੇਂ ਕਿ ਹਾਸ਼ਮ ਰਚਿਤ ਕਿੱਸਾ ਸੱਸੀ-ਪੁੰਨੂ ਵਿੱਚ ਇੱਕ ਸਤਰ ਹੈ-
ਸ਼ੁਤਰ ਸਵਾਰ ਪੁੰਨੂ ਉੱਠ ਤੁਰਿਆ,
ਪ੍ਰੇਮ ਜੜੀ ਸਿਰ ਪਾਈ।
ਪੁੰਨੂ ਦੇ ਪ੍ਰੇਮ ਦੀ ਦੀਵਾਨੀ ਹੋਈ ਸੱਸੀ ਉਸ ਦੀ ਡਾਚੀ ਨੂੰ ਵੀ ਬਦਦੁਆਵਾਂ ਦਿੰਦੀ ਹੈ-
ਓੜਕ ਵਕਤ ਕਹਿਰ ਦੀਆਂ ਕੂਕਾਂ,
ਜਿਸ ਡਾਚੀ ਮੇਰਾ ਪੁੰਨੂ ਖੜਿਆ,
ਮਰ ਦੋਜ਼ਖ ਵੱਲ ਜਾਵੇ।
ਇਸ ਤਰ੍ਹਾਂ ਊਠ ਸਾਡੇ ਸਾਹਿਤ ਸਰੋਤਾਂ ਵਿੱਚ ਸਮਾਇਆ ਮਿਲਦਾ ਹੈ। ਊਠ ਖੇਤੀਬਾੜੀ ਦੀ ਢੋਆ-ਢੁਆਈ, ਸ਼ਹਿਰੋਂ ਵਸਤਾਂ ਖਰੀਦਣ, ਹਲ਼ ਵਾਹੁਣ ਅਤੇ ਖੂਹ-ਖਰਾਸੇ ਜੋੜਨ ਲਈ ਪੰਜਾਬ ਦੇ ਪੁਰਾਤਨ ਪਿੰਡਾਂ ਵਿੱਚ ਵਰਤਿਆ ਜਾਂਦਾ ਰਿਹਾ ਹੈ। ਇਨ੍ਹਾਂ ਕੰਮਾਂ ਤੋਂ ਇਲਾਵਾ ਵਾਂਢੇ-ਲਾਂਭੇ, ਸਹੁਰੇ-ਬਰਾਤੇ, ਮੇਲਿਆਂ-ਛਿੰਝਾਂ ’ਤੇ ਜਾਣ ਲਈ ਵੀ ਊਠਾਂ ਦੀਆਂ ਮੁਹਾਰਾਂ ਹੀ ਮੋੜੀਆਂ ਜਾਂਦੀਆਂ ਰਹੀਆਂ। ਇਸੇ ਕਰਕੇ ਊਠ ਪੰਜਾਬੀ ਸੱਭਿਆਚਾਰ ਵਿੱਚ ਮਨੁੱਖੀ ਪਾਤਰ ਵਜੋਂ ਵਿਚਰਦਾ ਦਿੱਸਦਾ ਹੈ। ਪੰਜਾਬੀ ਗੱਭਰੂ ਬੜੇ ਸ਼ੌਕ ਨਾਲ ਊਠ ਪਾਲ਼ਦੇ ਸਨ। ਉਨ੍ਹਾਂ ਦੀ ਖਾਧ-ਖੁਰਾਕ ਦਾ ਉਚੇਚਾ ਧਿਆਨ ਰੱਖਦੇ ਸਨ। ਊਠਾਂ ਦੀ ਉੱਨ ਲੁਹਾਉਣ ਵੇਲੇ ਸ਼ੌਕੀਨ ਗੱਭਰੂ ਊਠਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਨਮੂਨੇ ਖੁਣਵਾ ਲੈਂਦੇ ਸਨ। ਊਠਾਂ ਦੀ ਉੱਨ ਵੀ ਮਹਿੰਗੀ ਵਿਕਦੀ ਹੈ, ਜਿਸ ਤੋਂ ਕੰਬਲ ਅਤੇ ਮੈਟ ਵਗ਼ੈਰਾ ਬਣਾਏ ਜਾਂਦੇ ਹਨ। ਊਠਾਂ ਨੂੰ ਸ਼ਿੰਗਾਰਨ ਲਈ ਗਲ਼ਾਂ ਵਿੱਚ ਟੱਲੀਆਂ, ਪੈਰੀਂ ਘੁੰਗਰੂ, ਕੰਨੀਂ ਮੁੰਦਰਾਂ, ਫੁੱਲਾਂ ਵਾਲ਼ੇ ਸੋਹਣੇ ਝੁੱਲ ਪਾ ਕੇ ਸੋਹਣੀਆਂ ਰੰਗੀਨ ਫੁੱਲਾਂ ਲੱਦੀਆਂ ਮੁਹਾਰਾਂ ਪਾਈਆਂ ਜਾਂਦੀਆਂ ਸਨ। ਵਿਆਹਾਂ-ਸ਼ਾਦੀਆਂ ਅਤੇ ਹੋਰ ਜਸ਼ਨਾਂ ਮੌਕੇ ਫੁੱਲਾਂ, ਮਣਕਿਆਂ ਅਤੇ ਸ਼ੀਸ਼ਿਆਂ ਜੜ੍ਹਤ ਝੁੱਲ ਬੋਤਿਆਂ ’ਤੇ ਪਾਏ ਜਾਂਦੇ। ਲੋਗੜੀ ਦੇ ਰੰਗ-ਬਰੰਗੇ ਫੁੱਲਾਂ ਵਾਲ਼ੀ ਮੁਹਾਰ ਬੋਤੇ ਦੀ ਨੁਹਾਰ ਨੂੰ ਹੋਰ ਚਾਰ ਚੰਨ ਲਾਉਂਦੀ ਸੀ। ਇਸ ਕਰਕੇ ਮੇਲੇ ਜਾ ਰਹੇ ਪਤੀ ਨੂੰ ਉਸ ਦੀ ਪਤਨੀ ਊਠ ਨੂੰ ਸ਼ਿੰਗਾਰਨ ਲਈ ਇਸ ਤਰ੍ਹਾਂ ਹਦਾਇਤ ਕਰਦੀ ਹੈ-
ਕੱਢ ਕੇ ਹਵੇਲੀ ਵਿੱਚੋਂ ਬੀੜ ਲੈ ਬਾਗੜੀ ਬੋਤਾ,
ਵੇ ਉੱਤੇ ਪਾ ਲੈ ਝੁੱਲ ਰੇਸ਼ਮੀ
ਜੀਹਦੀ ਲੌਣ ਨੂੰ ਲਵਾਇਆ ਗੋਟਾ।
ਮੈਂ ਚੂਰੀ ਦੀ ਪਰਾਤ ਪਾਵਾਂਗੀ,
ਤੇਰੇ ਬੋਤੇ ਨੂੰ ਨਾ ਪਾਵਾਂਗੀ ਮੈਂ ਨੀਰਾ,
ਵੇ ਮੇਲੇ ‘ਮੁਕਤਸਰ’ ਦੇ ਚੱਲ ਚੱਲੀਏ
ਨਣਦ ਦਿਆ ਵੀਰਾ, ਵੇ ਮੇਲੇ…
ਜਿੱਥੇ ਘਰਵਾਲੀਆਂ ਨਾਲ਼ ਮੇਲੇ ਜਾਣ ਸਮੇਂ ਬੋਤੇ ਹੱਕੇ ਜਾਂਦੇ ਸਨ, ਉੱਥੇ ਧੀਆਂ-ਭੈਣਾਂ ਨੂੰ ਮਿਲਣ ਅਤੇ ਸੰਧਾਰੇ ਦੇਣ ਵੀ ਬੋਤਿਆਂ ’ਤੇ ਹੀ ਜਾਇਆ ਜਾਂਦਾ ਸੀ। ਸੰਚਾਰ ਸਾਧਨਾਂ ਅਤੇ ਆਵਾਜਾਈ ਦੇ ਸਾਧਨਾਂ ਦੀ ਅਣਹੋਂਦ ਕਾਰਨ ਦੂਰ-ਦੁਰਾਡੇ ਵਿਆਹੀਆਂ ਧੀਆਂ ਖੇਤੀਂ ਬੰਨੇ ਫਿਰਦੀਆਂ ਵੀ ਵੀਰ ਦੇ ਬੋਤੇ ਦੀ ਚਾਲ ਵੇਂਹਦੀਆਂ ਰਹਿੰਦੀਆਂ। ਜੇ ਕਿਧਰੇ ਕਿਸੇ ਭੈਣ ਨੂੰ ਵੀਰ ਦਾ ਬੋਤਾ ਆਉਂਦਾ ਨਜ਼ਰੀਂ ਪੈ ਜਾਂਦਾ ਤਾਂ ਉਸ ਤੋਂ ਚਾਅ ਚੁੱਕਿਆ ਨਾ ਜਾਂਦਾ ਤੇ ਉਹ ਖ਼ੁਸ਼ੀ ਵਿੱਚ ਖੀਵੀ ਹੋਈ ਕਹਿ ਉੱਠਦੀ-
ਦੂਰੋਂ ਸਿਆਣ ਲਿਆ ਵੀਰਾ ਵੇ ਤੇਰਾ ਬੋਤਾ,
ਪੱਚੀਆਂ ’ਚੋਂ ਪੱਗ ਸਿਆਣ ਲਈ।
ਕਿਉਂਕਿ ਮੁੰਡੇ-ਖੁੰਡੇ ਊਠ ਚਾਰਦੇ-ਚਾਰਦੇ ਬੜੀ ਦੂਰ ਨਿਕਲ ਜਾਂਦੇ ਤੇ ਨੇੜੇ ਪਿੰਡ ਵਿਆਹੀਆਂ ਧੀਆਂ-ਭੈਣਾਂ ਦੇ ਘਰੀਂ ਵੀ ਮਿਲ ਆਉਂਦੇ ਅਤੇ ਪਿੰਡ ਦੀ ਖ਼ੈਰ-ਸੁੱਖ ਦਾ ਸੁਨੇਹਾ ਵੀ ਦੇ ਆਉਂਦੇ। ਇਸ ਤਰ੍ਹਾਂ ਭੈਣ-ਭਰਾਵਾਂ ਦੇ ਹੁੰਦੇ ਮਿਲਾਪਾਂ ਦੀ ਹਾਮੀ ਇੱਕ ਲੋਕ ਬੋਲੀ ਇੰਜ ਭਰਦੀ ਹੈ-
ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ,
ਅੱਗੇ ਵੀਰ ਸਤਯੁੱਗ ਦੇ।
ਵੀਰ ਦੇ ਘਰ ਪੁੱਜਣ ’ਤੇ ਭੈਣ ਵੀਰ ਅਤੇ ਉਸ ਦੇ ਬੋਤਾ ਦੀ ਸੇਵਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ। ਪਹਿਲਾਂ ਉਹ ਸੋਹਣੀਆਂ ਕਿੱਲੀਆਂ ’ਤੇ ਵੀਰ ਦਾ ਬੋਤਾ ਬੰਨਾਉਂਦੀ-
ਬੋਤਾ ਬੰਨ੍ਹ ਵੇ ਸਰਵਣਾ ਵੀਰਾ,
ਕਿੱਲੀਆਂ ਰੰਗੀਨ ਗੱਡੀਆਂ।
ਉਹ ਵੀਰ ਦੇ ਪਿਆਰੇ ਊਠ ਅਤੇ ਵੀਰ ਨੂੰ ਮਨਭਾਉਂਦੀ ਖੁਰਾਕ ਪੇਸ਼ ਕਰਕੇ ਖ਼ਾਤਰਦਾਰੀ ਕਰਦੀ ਹੈ-
ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲ਼ੀਆਂ,
ਤੈਨੂੰ ਵੀਰਾ ਦੁੱਧ ਦਾ ਛੰਨਾ।
ਪਿੰਡ ਵਾਪਸ ਮੁੜਦੇ ਵੀਰ ਨੂੰ ਭੈਣ ਸਹੁਰੇ ਪਿੰਡ ਦੀ ਜੂਹ ਤਕ ਵਿਦਾ ਕਰਨ ਜਾਂਦੀ ਹੈ। ਉਹ ਬੋਤੇ ਉੱਤੇ ਜਾਂਦੇ ਅੰਮੀ ਜਾਏ ਨੂੰ ਓਨਾ ਚਿਰ ਨਿਹਾਰਦੀ ਰਹਿੰਦੀ ਹੈ, ਜਿੰਨਾ ਚਿਰ ਬੋਤਾ ਜਾਂਦਾ ਦਿੱਸਣੋ ਨਹੀਂ ਹਟ ਜਾਂਦਾ। ਨਿੰਮਾਂ-ਟਾਹਣੀਆਂ ਵਿੱਚੋਂ ਦੀ ਦੌੜਦੇ ਬੋਤੇ ਨੂੰ ਤੱਕਦੀ ਕਹਿੰਦੀ ਹੈ-
ਵੀਰ ਬੋਤੇ ਨੂੰ ਭਜਾ ਕੇ ਲੈ ਗਿਆ,
ਖੜ੍ਹੀ ਝਾਕਾਂ ਨਿੰਮ੍ਹ ਵਿੱਚ ਦੀ।
ਜਦੋਂ ਭਰਾ ਦਾ ਬੋਤਾ ਕਾਹਲ਼ੇ ਕਦਮੀਂ ਪੇਕੇ ਪਿੰਡ ਨੂੰ ਹੋ ਤੁਰਦਾ ਹੈ ਤਾਂ ਭੈਣ ਬਾਬਲ ਵਿਹੜੇ ਦੀਆਂ ਯਾਦਾਂ ਵਿੱਚ ਜੁੜਦੀ ਹੋਈ ਲੰਮਾ ਹਾਉਕਾ ਲੈ ਕੇ ਵਾਪਸ ਮੁੜਦੀ ਹੈ-
ਬੋਤਾ ਵੀਰ ਦਾ ਨਜ਼ਰ ਨਾ ਆਵੇ,
ਉੱਡਦੀ ਧੂੜ ਦਿਸੇ।
ਭੈਣਾਂ ਨੂੰ ਮਿਲਣ ਜਾਣ ਤੋਂ ਇਲਾਵਾ ਸਹੁਰਿਆਂ ਤੋਂ ਵਹੁਟੀ ਲੈਣ ਲਈ ਵੀ ਊਠਾਂ ਦੀ ਮੁਹਾਰ ਫੜੀ ਜਾਂਦੀ ਸੀ। ਪੰਜਾਬੀ ਜਵਾਨ ਸਹੁਰੇ ਜਾਣ ਅਤੇ ਮੇਲੇ ਜਾਣ ਸਮੇਂ ਇੱਕੋ ਜਿੰਨੀ ਹੀ ਤਿਆਰੀ ਕਰਦਾ ਸੀ। ਆਪਣੀ ਤਿਆਰੀ ਤੋਂ ਪਹਿਲਾਂ ਉਹ ਊਠ ਸ਼ਿੰਗਾਰਦਾ ਸੀ। ਫਿਰ ਆਪਣੀ ਤਿਆਰੀ ਲਈ ਸੋਹਣਾ ਕੁੜਤਾ, ਲੜ ਛੱਡਵਾਂ ਸਾਫ਼ਾ, ਪੈਰੀਂ ਨੋਕਵੀਂ ਕੱਢਵੀਂ ਜੁੱਤੀ, ਗਲ਼ ਕੈਂਠਾ, ਕੰਨੀਂ ਨੱਤੀਆਂ ਅਤੇ ਹੱਥ ਸੰਮਾਂ ਵਾਲ਼ੀ ਡਾਂਗ ਫੜ ਬੋਤੇ ਉੱਤੇ ਬੈਠਾ ਪੰਜਾਬੀ ਗੱਭਰੂ ਆਪਣੇ-ਆਪ ਨੂੰ ਸ਼ਾਹੀ ਨਵਾਬ ਬਣਿਆ ਮਹਿਸੂਸ ਕਰਦਾ ਹੈ। ਭਾਈਚਾਰਕ ਸਾਂਝ ਵਜੋਂ ਊਠ ਇੱਕ-ਦੂਜੇ ਦੇ ਮੰਗਵੇਂ ਵੀ ਲਿਜਾਏ ਜਾਂਦੇ ਸਨ। ਵਧੀਆ ਊਠ ਦੀਆਂ ਪਿੰਡਾਂ ਵਿੱਚ ਗੱਲਾਂ ਹੁੰਦੀਆਂ ਸਨ। ਸਹੁਰੇ ਜਾਣ ਸਮੇਂ ਊਠ ਮੰਗਵੇਂ ਅਤੇ ਨਿਰਖ਼-ਪਰਖ਼ ਕੇ ਲਿਜਾਏ ਜਾਂਦੇ ਸਨ ਕਿਉਂਕਿ ਘਰਵਾਲ਼ੀ ਦੀ ਜੋ ਸਖ਼ਤ ਹਦਾਇਤ ਹੁੰਦੀ ਸੀ-
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ,
ਬੋਤਾ ਲਿਆਈਂ ਉਹ ਮਿੱਤਰਾ।
ਜ਼ਿਆਦਾ ਦੌੜਦੇ ਬੋਤੇ ਦੇ ਹਿਲੋਰਿਆਂ ਨਾਲ਼ ਕਈ ਵਾਰ ਕੰਨਾਂ ਵਿੱਚ ਪਾਈਆਂ ਡੰਡੀਆਂ ਕਾਰਨ ਕੰਨ ਦੁਖਣ ਲੱਗ ਜਾਂਦੇ ਸਨ। ਫਿਰ ਮੁਟਿਆਰ ਨੂੰ ਸਹੁਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਸ਼ੌਕ ਨਾਲ ਪਾਈਆਂ ਡੰਡੀਆਂ ਲਾਹ ਕੇ ਪਤੀ ਦੀ ਜੇਬ ਵਿੱਚ ਪਾਉਣੀਆਂ ਪੈ ਜਾਂਦੀਆਂ ਸਨ-
ਆਹ ਲੈ ਡੰਡੀਆਂ ਜੇਬ ਵਿੱਚ ਪਾ ਲੈ,
ਬੋਤੇ ਉੱਤੇ ਕੰਨ ਦੁਖਦੇ।
ਜ਼ਿਆਦਾ ਅੜਬ ਸੁਭਾਅ ਦੇ ਬੁੱਕਦੇ ਬੋਤੇ ਉੱਤੇ ਚੜ੍ਹਨ ਸਮੇਂ ਕਈ ਨਵਵਿਆਹੀਆਂ ਡਰ ਜਾਂਦੀਆਂ ਸਨ ਪਰ ਗੱਭਰੂ ਨੂੰ ਆਪਣੇ ਜੀਅ-ਜਾਨ ਨਾਲ਼ ਪਾਲ਼ੇ ਊਠ ਉੱਤੇ ਬੜਾ ਮਾਣ ਹੁੰਦਾ ਸੀ ਤੇ ਉਹ ਪਤਨੀ ਨੂੰ ਬੇਫ਼ਿਕਰ ਹੋ ਕੇ ਬੋਤੇ ’ਤੇ ਚੜ੍ਹਨ ਲਈ ਕਹਿੰਦਾ-
ਬੀਕਾਨੇਰ ਤੋਂ ਊਠ ਲਿਆਂਦਾ ਦੇ ਕੇ ਰੋਕ ਪਚਾਸੀ,
ਸ਼ਹਿਣੇ ਦੇ ਵਿੱਚ ਝਾਂਜਰ ਬਣਦੀ,
ਮੁਕਤਸਰ ਬਣਦੀ ਕਾਠੀ,
ਭਾਈ ਬਖਤੌਰੇ ਬਣਦੇ ਟਾਕੂਏ, ਰੱਲੇ ਬਣੇ ਗੰਡਾਸੀ।
ਰੌਂਤੇ ਦੇ ਵਿੱਚ ਕੂੰਡੇ ਬਣਦੇ, ਸ਼ਹਿਰ ਭਦੌੜ ਦੀ ਚਾਟੀ,
ਹਿੰਮਤਪੁਰੇ ਵਿੱਚ ਬਣਦੀਆਂ ਕਹੀਆਂ,
ਕਾਸੀਪੁਰ ਦੀ ਦਾਤੀ,
ਨੀਂ ਚੜ੍ਹ ਜਾ ਬੋਤੇ ’ਤੇ ਮੰਨ ਲੈ ਭੌਰ ਦੀ ਆਖੀ।
ਫਿਰ ਵੀ ਪਹਿਲੀ ਵਾਰ ਬੋਤੇ ’ਤੇ ਚੜ੍ਹਨ ਵਾਲ਼ੀ ਪਤਨੀ ਕੰਬਦੇ ਦਿਲ ਨਾਲ਼ ਫਿਰ ਪਤੀ ਨੂੰ ਕਹਿੰਦੀ ਹੈ-
ਮੇਰਾ ਨਰਮ ਕਾਲਜਾ ਡੋਲੇ,
ਵੇ ਬੋਤਾ ਹੌਲੀ ਤੋਰ ਮਿੱਤਰਾ।
ਸੋਹਣੇ ਸ਼ਿੰਗਾਰੇ ਊਠ ਦੇ ਚਾਅ ਵਿੱਚ ਕਈ ਮੁਟਿਆਰਾਂ ਆਪਣੀ ਜੁੱਤੀ ਹੀ ਗੁਆ ਲੈਂਦੀਆਂ ਸਨ ਕਿਉਂਕਿ ਪੇਕੇ ਪਿੰਡੋਂ ਉਹ ਬੜੇ ਚਾਅ ਨਾਲ ਘਰਵਾਲ਼ੇ ਦੇ ਊਠ ’ਤੇ ਚੜ੍ਹਦੀ ਸੀ ਤੇ ਸਖ਼ੀਆਂ-ਸਹੇਲੀਆਂ ਵਿੱਚ ਆਪਣੀ ਖ਼ਾਸ ਟੌਹਰ ਬਣਾਉਂਦੀ ਸੀ। ਊਠ ਦੇ ਹਿਲੋਰਿਆਂ ਨਾਲ਼ ਗੱਲਾਂ-ਬਾਤਾਂ ਕਰਦੇ ਜਾਂਦੇ ਕਈ ਵਾਰ ਜੁੱਤੀ ਡਿੱਗਦੀ ਦਾ ਪਤਾ ਨਹੀਂ ਸੀ ਲੱਗਦਾ। ਲੰਮੀਆਂ ਵਾਟਾਂ ਪੈਰ ਲਮਕਾ ਕੇ ਬੈਠਣ ਨਾਲ਼ ਪੈਰ ਵੀ ਸੌਂ ਜਾਂਦਾ ਸੀ। ਜੁੱਤੀ ਡਿੱਗਣ ਦਾ ਇਹ ਉਲਾਭਾਂ ਵੀ ਵਿਚਾਰੇ ਪਤੀ ਦੇਵ ਸਿਰ ਹੀ ਮੜ੍ਹਿਆ ਜਾਂਦਾ ਸੀ-
ਜੁੱਤੀ ਡਿੱਗ ਪਈ ਸਿਤਾਰਿਆਂ ਵਾਲੀ,
ਵੇ ਨਿੱਜ ਤੇਰੇ ਬੋਤੇ ’ਤੇ ਚੜ੍ਹੀ।
ਸੋਹਣੇ ਸ਼ਿੰਗਾਰੇ ਊਠ ਦੀ ਸੋਹਣੀ ਮੁਹਾਰ ਦੇਖ ਕੇ ਕਈ ਮੁਟਿਆਰਾਂ ਊਠਾਂ ਤੋਂ ਸਦਕੇ ਜਾਂਦੀਆਂ ਉਸ ਦੀ ਮੁਹਾਰ ਬਣ ਜਾਣਾ ਵੀ ਲੋਚਦੀਆਂ-
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ,
ਵੇ ਸੋਨੇ ਦੇ ਤਵੀਤ ਵਾਲ਼ਿਆ।
ਯੱਕੇ-ਟਾਂਗੇ ’ਤੇ ਮੇਲੇ ਜਾਂਦੀਆਂ ਔਰਤਾਂ ਨੂੰ ਕੋਈ ਮਜ਼ਾਕ ਦੇ ਰਿਸ਼ਤੇ ਵਾਲ਼ਾ ਦੇਵਰ, ਜੇਠ, ਜੀਜਾ ਆਪਣੇ ਬੋਤੇ ’ਤੇ ਮਾਣ ਕਰਦਾ ਹੋਇਆ ਸਬੰਧਤ ਔਰਤ ਨੂੰ ਭਾੜਾ ਬਚਾਉਣ ਦੀ ਨਸੀਹਤ ਇੰਜ ਕਰਦਾ ਹੈ-
ਐਵੇਂ ਦੇਵੇਂਗੀ ਯੱਕੇ ਦਾ ਭਾੜਾ,
ਨੀਂ ਬੋਤਾ ਲੈ ਜਾ ਮਿੱਤਰਾਂ ਦਾ।
ਹਾਣ-ਪ੍ਰਵਾਨ ਦੀਆਂ ਸਖ਼ੀਆਂ ਵਿੱਚ ਮੁਟਿਆਰਾਂ ਵੀ ਕਿਸੇ ਦੀ ਕਨੌੜ ਨਹੀਂ ਸੀ ਝੱਲਦੀਆਂ, ਸਗੋਂ ਮੋੜਵਾਂ ਉੱਤਰ ਇੰਜ ਦਿੰਦੀਆਂ ਸਨ-
ਐਵੇਂ ਕੱਲ੍ਹ ਨੂੰ ਦੇਵੇਂਗਾ ਮਿਹਣਾ,
ਵੇ ਬੋਤਾ ਰੱਖ ਘਰ ਆਪਣੇ।
ਕਈ ਵਾਰ ਸੋਹਣੇ ਸ਼ਿੰਗਾਰੇ ਊਠ ਪਤੀ-ਪਤਨੀ ਦੇ ਵਿਛੋੜੇ ਦਾ ਕਾਰਨ ਵੀ ਬਣਦੇ ਰਹੇ। ਵਪਾਰ ਅਤੇ ਉਪਜੀਵਕਾ ਲਈ ਊਠਾਂ ’ਤੇ ਹੀ ਦੂਰ-ਦੁਰੇਡੇ ਜਾਇਆ ਜਾਂਦਾ ਸੀ, ਜੋ ਕਿ ਪਰਦੇਸ ਜਾਣ ਵਾਂਗ ਲੱਗਦਾ ਸੀ। ਊਠਾਂ ਵਾਲਿਆਂ ਨੂੰ ਲਾਮ ਨੂੰ ਜਾਂਦੇ ਵੇਖਦੀਆਂ ਔਰਤਾਂ ਆਪਣੇ ਇਕਲਾਪੇ ਦਾ ਹਾਲ ਇੰਜ ਵਿਅਕਤ ਕਰਦੀਆਂ ਸਨ-
ਊਠਾਂ ਵਾਲ਼ਿਓ ਵੇ ਊਠ ਲੱਦੀਆਂ ਬੋਰੀਆਂ,
ਮਹਿਲੀ ਛੱਡੀਆਂ ਸੁੰਨੀਆਂ ਗੋਰੀਆਂ।
ਕੁਝ ਸਿਆਣੀਆਂ-ਸੁਆਣੀਆਂ ਪਤੀ ਦੀ ਮਜਬੂਰੀ ਸਮਝਦੀਆਂ ਹੋਈਆਂ ਉਸ ਤੋਂ ਚਰਖ਼ੇ ਦੀ ਮੰਗ ਕਰਦੀਆਂ ਤਾਂ ਜੋ ਆਹਰੇ ਲੱਗ ਕੇ ਦਿਨ ਬੀਤ ਸਕੇ-
ਊਠਾਂ ਵਾਲ਼ਿਓ ਵੇ ਊਠ ਲੱਦੇ ਨੇ ਦੱਖਣ ਨੂੰ,
ਚਰਖ਼ਾ ਲਿਆ ਦਿਓ ਮੇਰੇ ਵੇ ਕੱਤਣ ਨੂੰ।
ਪੁਰਾਤਨ ਪੰਜਾਬ ਦੇ ਬਾਸ਼ਿੰਦਿਆਂ ਦਾ ਦੇਸੀ ਪਹਿਰਾਵਾ ਖੱਦਰ ਹੀ ਸੀ ਪਰ ਜਦੋਂ ਮਸ਼ੀਨਾਂ ਈਜਾਦ ਹੋਈਆਂ ਤਾਂ ਪਿੰਡਾਂ ਦੀਆਂ ਸੁਆਣੀਆਂ ਦਾ ਵੀ ਨਰਮ ਕੂਲ਼ੇ ਕੱਪੜੇ ਪਾਉਣ ਨੂੰ ਦਿਲ ਕਰਦਾ ਸੀ ਤਾਂ ਉਹ ਊਠ ਉੱਤੇ ਸ਼ਹਿਰ ਜਾਂਦੇ ਪਤੀ ਨੂੰ ਮਿੱਠੇ ਨਿਹੋਰੇ ਨਾਲ਼ ਰੇਸ਼ਮੀ ਸੂਟ ਲਿਆ ਕੇ ਦੇਣ ਦੀ ਅਰਜ਼ੋਈ ਇਸ ਤਰ੍ਹਾਂ ਕਰਦੀਆਂ ਸਨ-
ਊਠਾਂ ਵਾਲ਼ਿਓ ਵੇ ਊਠ ਲੱਦੇ ਨੇ ਬਠਿੰਡੇ ਨੂੰ,
ਟੈਰੀਕਾਟ ਲਿਆ ਦਿਓ ਖੱਦਰ ਖਾਂਦੈ ਵੇ ਪਿੰਡੇ ਨੂੰ।
ਘਰ ਦੀਆਂ ਕਬੀਲਦਾਰੀਆਂ ਵਿੱਚ ਬੱਝਿਆ ਪਤੀ ਜਦ ਰੋਜ਼ੀ-ਰੋਟੀ ਲਈ ਸਭ ਕੁਝ ਅਣਸੁਣਿਆ ਕਰ ਊਠ ਹੱਕ ਤੁਰਦਾ ਹੈ ਤਾਂ ਪਤਨੀ ਬਿਰਹਾ-ਵਿਯੋਗ ਵਿੱਚ ਦਿਨ ਗੁਜ਼ਾਰਦੀ ਹੈ, ਦੂਜਾ ਘਰ ਦੀਆਂ ਤੰਗੀਆਂ-ਤੁਰਸ਼ੀਆਂ ਉਸ ਨੂੰ ਪਤੀ ਦੀ ਕਮੀ ਚੇਤੇ ਕਰਵਾਉਂਦੀਆਂ ਹਨ। ਉਹ ਊਠਾਂ ਦੇ ਕਾਫ਼ਲਿਆਂ ਵਾਲ਼ਿਆਂ ਨੂੰ ਸੁਨੇਹੇ ਘੱਲਦੀ ਹੋਈ ਪਤੀ ਨੂੰ ਘਰ ਭੇਜਣ ਲਈ ਬੇਨਤੀਆਂ ਕਰਦੀ ਹੈ-
ਊਠਾਂ ਵਾਲ਼ਿਓ ਵੇ ਊਠ ਲੱਦੇ ਨੇ ਲਾਹੌਰ ਨੂੰ,
’ਕੱਲੀ ਕੱਤਾਂ ਵੇ, ਘਰ ਘੱਲਿਓ ਮੇਰੇ ਭੌਰ ਨੂੰ।
ਇਸ ਤਰ੍ਹਾਂ ਹੀ ਊਠ ਸਾਡੇ ਅਖਾਣਾਂ-ਮੁਹਾਵਰਿਆਂ ਵਿੱਚ ਸਮਾ ਕੇ ਪੰਜਾਬੀ ਜੀਵਨ ਦਾ ਨਜ਼ਦੀਕੀ ਸੰਗੀ ਰਿਹਾ ਹੋਣ ਦੀ ਗਵਾਹੀ ਭਰਦਾ ਹੈ। ਜਿਵੇਂ ਊਠ ਦੇ ਮੂੰਹ ਜ਼ੀਰਾ, ਊਠ ਦੇ ਗਲ਼ ਟੱਲੀ ਹੋਣਾ, ਊਠ ਦਾ ਬੁੱਲ੍ਹ ਡਿੱਗਣਾ, ਯਰਾਨੇ ਊਠਾਂ ਵਾਲ਼ਿਆਂ ਨਾਲ਼ ਲਾਉਣੇ ਅਤੇ ਦਰਵਾਜ਼ੇ ਨੀਵੇਂ ਰੱਖਣੇ, ਵੇਖੋ ਊਠ ਕਿਸ ਕਰਵਟ ਬੈਠਦਾ ਹੈ, ਊਠ ਰੇ ਊਠ ਤੇਰੀ ਕੌਣ ਸੀ ਕਲ ਸੀਧੀ, ਊਠ ਨਾਲ਼ ਹਲ਼ ਵਾਹੁਣਾ। ਇਸ ਤਰ੍ਹਾਂ ਤੰਗੜ-ਪੱਟੀਆਂ ਸ਼ਬਦ ਵੀ ਊਠ ’ਤੇ ਸਾਮਾਨ ਲੱਦਣ ਵਾਲ਼ੀਆਂ ਵਸਤਾਂ ਹਨ। ਤੰਗੜ ਤੋਂ ਭਾਵ ਹੈ ਸਾਮਾਨ ਪਾਉਣ ਵਾਲ਼ੀਆਂ ਖੁਰਜ਼ੀਆਂ ਅਤੇ ਪੱਟੀਆਂ ਤੋਂ ਭਾਵ ਹੈ ਕਸਣ ਵਾਲੀਆਂ ਰੱਸੀਆਂ। ਇਸ ਤਰ੍ਹਾਂ ਬੁਝਾਰਤ ਹੈ-
ਊਠ ’ਤੇ ਚੜੇਂਦੀਏ,
ਮੁਹਾਰ ਫੜੇਂਦਾ ਤੇਰਾ ਕੀ ਲੱਗਦਾ,
ਇਹਦਾ ਤਾਂ ਮੈਂ ਨਾਂ ਨੀਂ ਜਾਣਦੀ, ਮੇਰਾ ਨਾਂ ਹੈ ਜੀਆਂ,
ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਵਾਂ ਧੀਆਂ। (ਨੂੰਹ-ਸਹੁਰਾ)
ਆਵਾਜਾਈ ਅਤੇ ਖੇਤੀ ਦੀਆਂ ਅਤਿ-ਆਧੁਨਿਕ ਸਹੂਲਤਾਂ ਵਿੱਚ ਵਿਚਾਰਾ ਬੋਤਾ ਕਿਧਰੇ ਗੁਆਚ ਗਿਆ ਹੈ। ਟਾਵੇਂ-ਟਾਵੇ ਨਜ਼ਰੀਂ ਪੈਂਦੇ ਊਠਾਂ ਦੀ ਵੀ ਉਹ ਚੜ੍ਹਤ ਨਹੀਂ ਰਹੀ। ਹਾਂ, ਪੁਸ਼ਕਰ ਵਰਗੇ ਮੇਲਿਆਂ ਵਿੱਚ ਊਠਾਂ ਦੀ ਪੁਰਾਤਨ ਦਿੱਖ ਦੇਖਣ ਨੂੰ ਜ਼ਰੂਰ ਮਿਲਦੀ ਹੈ ਪਰ ਪੰਜਾਬੀ ਸਾਹਿਤ ਦੇ ਪੱਤਰੇ ਫੋਲਦਿਆਂ ਊਠ ਦਾ ਅਕਸ ਹਰ ਵੰਨਗੀ ਵਿੱਚੋਂ ਜ਼ਰੂਰ ਰੂਪਮਾਨ ਹੁੰਦਾ ਹੈ।

No comments:
Post a Comment